ਅਜਨਾਲਾ, 14 ਮਈ (ਗੁਰਪ੍ਰੀਤ ਸਿੰਘ ਢਿੱਲੋਂ)-26 ਮਈ ਨੂੰ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਅੱਜ ਅਜਨਾਲਾ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਮੀਤ ਪ੍ਰਧਾਨ ਸ੍ਰੀਮਤੀ ਰਮਿੰਦਰ ਕੌਰ ਮਾਹਲ ਅਤੇ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਮਾਹਲ ਆਪਣੇ ਸਮਰਥਕਾਂ ਸਮੇਤ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਕਰਵਾਏ ਸਮਾਰੋਹ ਵਿਚ ਉਚੇਚੇ ਤੌਰ 'ਤੇ ਪਹੁੰਚੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਸ੍ਰੀਮਤੀ ਰਮਿੰਦਰ ਕੌਰ ਮਾਹਲ ਅਤੇ ਬਲਜਿੰਦਰ ਸਿੰਘ ਮਾਹਲ ਤੋਂ ਇਲਾਵਾ ਬਾਬਾ ਬਲਵੰਤ ਸਿੰਘ, ਸਤਨਾਮ ਸਿੰਘ, ਲਖਵਿੰਦਰ ਸਿੰਘ, ਹਰਜੀਤ ਸਿੰਘ, ਇਕਬਾਲ ਸਿੰਘ ਰੰਧਾਵਾ, ਬਲਕਾਰ ਸਿੰਘ, ਬਿਕਰਮਜੀਤ ਸਿੰਘ, ਗੁਰਦੀਪ ਸਿੰਘ ਤੇ ਅਰਵਿੰਦਰ ਸਿੰਘ ਆਦਿ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਿਚ ਜੀ ਆਇਆਂ ਆਖਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਰਮਿੰਦਰ ਕੌਰ ਮਾਹਲ ਨੂੰ ਵਾਰਡ ਨੰ. 9 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਐਲਾਨਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ 'ਆਪ' ਸਰਕਾਰ ਦੀਆਂ ਨੀਤੀਆਂ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ ਤੇ 26 ਮਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਸਿਆਸੀ ਪਿੜ ਤੋਂ ਲਾਂਭੇ ਕਰੇਗੀ | ਉਨ੍ਹਾਂ 'ਆਪ' ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਈ.ਵੀ.ਐੱਮ. ਦੀ ਥਾਂ ਬੈਲਟ ਪੇਪਰਾਂ ਰਾਹੀਂ ਵੋਟਾਂ ਪਵਾਉਣ ਦੇ ਫ਼ੈਸਲੇ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਸਰਕਾਰ ਨੂੰ ਇਹ ਭੈਅ ਮਾਰ ਰਿਹਾ ਹੈ ਕਿ ਇਸ ਵਾਰ ਲੋਕਾਂ ਨੇ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਾ | ਹਰਪ੍ਰਤਾਪ ਸਿੰਘ ਅਜਨਾਲਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਸੱਤਾ ਧਿਰ ਇਸ ਫ਼ੈਸਲੇ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੁੱਠੇ-ਸਿੱਧੇ ਕੰਮ ਜ਼ਰੂਰ ਕਰਨਗੇ ਪਰ ਉਨ੍ਹਾਂ ਇੱਥੇ ਸੱਤਾ ਧਿਰ ਨੂੰ ਚੇਤਾਵਨੀ ਦਿੰਦਿਆਂ ਸਪਸ਼ਟ ਕੀਤਾ ਕਿ ਇਸ ਵਾਰ ਜੇਕਰ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ | ਇਸ ਮੌਕੇ ਕਾਂਗਰਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਮੀਤ ਪ੍ਰਧਾਨ ਤੇ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ, ਕਾਂਗਰਸ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ, ਬਲਾਕ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ, ਸਾਬਕਾ ਸਰਪੰਚ ਗੁਰਿੰਦਰਬੀਰ ਸਿੰਘ ਮਾਹਲ, ਸਾਬਕਾ ਚੇਅਰਮੈਨ ਦਲਜੀਤ ਸਿੰਘ ਸੋਨੂੰ ਰਾਏਪੁਰ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਹੈਪੀ ਗੁੱਝਾਪੀਰ, ਸੁਖਵਿੰਦਰ ਸਿੰਘ ਮਾਹਲ, ਬਿਕਰਮਜੀਤ ਸਿੰਘ ਦਿਆਲਪੁਰਾ ਸਮੇਤ ਹੋਰ ਪਾਰਟੀ ਆਗੂ ਹਾਜ਼ਰ ਸਨ | ਅੰਤ ਵਿਚ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਮਾਹਲ ਨੇ ਹਰਪ੍ਰਤਾਪ ਸਿੰਘ ਅਜਨਾਲਾ ਤੇ ਕੰਵਰਪ੍ਰਤਾਪ ਸਿੰਘ ਅਜਨਾਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ |