ਜੰਡਿਆਲਾ ਗੁਰੂ, 20 ਮਈ (ਹਰਜਿੰਦਰ ਸਿੰਘ ਕਲੇਰ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਕਰਵਾਈ ਗਈ ਧਾਰਮਿਕ ਪ੍ਰੀਖਿਆ ਵਿਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ | ਇਨ੍ਹਾਂ ਪ੍ਰੀਖਿਆਵਾਂ ਵਿਚ ਲਗਪਗ 70 ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੀਖਿਆਵਾਂ ਸਿੱਖ ਗੁਰੂਆਂ ਦੇ ਇਤਿਹਾਸ, ਉਨ੍ਹਾਂ ਦੀਆਂ ਸਿੱਖਿਆਵਾਂ, ਸਿੱਖ ਧਰਮ ਦੀ ਰਹਿਤ ਮਰਿਆਦਾ ਅਤੇ ਗੁਰਬਾਣੀ ਆਧਾਰਿਤ ਵਿਸ਼ਿਆਂ 'ਤੇ ਆਧਾਰਿਤ ਸਨ | ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਵੱਧ-ਚੜ੍ਹ ਕੇ ਹਿੱਸਾ ਲਿਆ | ਨਤੀਜਿਆਂ ਵਿਚ ਸਕੂਲ ਦੇ 16 ਵਿਦਿਆਰਥੀਆਂ ਨੇ ਏ ਗ੍ਰੇਡ ਹਾਸਿਲ ਕੀਤਾ, ਜਦਕਿ 9 ਵਿਦਿਆਰਥੀਆਂ ਨੇ ਬੀ ਅਤੇ ਸੀ ਗ੍ਰੇਡ ਪ੍ਰਾਪਤ ਕੀਤੇ | ਇਸ ਤੋਂ ਇਲਾਵਾ 19 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਅਤੇ 44 ਵਿਦਿਆਰਥੀਆਂ ਨੂੰ ਵਿਸ਼ੇਸ਼ ਉਤਸ਼ਾਹ ਵਧਾਓ ਇਨਾਮ ਦਿੱਤੇ ਗਏ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਪੜਾਈ ਦੇ ਨਾਲ-ਨਾਲ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰਬਾਣੀ ਪ੍ਰਤੀ ਸਤਿਕਾਰ ਰੱਖਣਾ ਵੀ ਬਹੁਤ ਜ਼ਰੂਰੀ ਹੈ | ਇਸ ਮੌਕੇ ਸਕੂਲ ਦੀ ਡਾਇਰੈਕਟਰ-ਪਿ੍ੰਸੀਪਲ ਡਾ. ਅਮਰਪ੍ਰੀਤ ਕੌਰ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਉਨਾਂ ਕਿਹਾ ਕਿ ਸਕੂਲ ਵਲੋਂ ਬੱਚਿਆਂ ਨੂੰ ਅਜਿਹੀਆਂ ਪ੍ਰੀਖਿਆਵਾਂ ਵਿਚ ਸ਼ਾਮਿਲ ਹੋਣ ਲਈ ਹਮੇਸ਼ਾ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਵਿਰਸੇ ਅਤੇ ਗੁਰਬਾਣੀ ਨਾਲ ਜੁੜੇ ਰਹਿਣ | ਉਨਾਂ ਨੇ ਸਾਰੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਿਕਾ ਜਗਰੂਪ ਕੌਰ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੰਦੀਪ ਸ਼ਰਮਾ, ਵਾਈਸ ਪਿ੍ੰਸੀਪਲ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨੀਲਾਕਸ਼ੀ ਗੁਪਤਾ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |