ਬਾਬਾ ਬਕਾਲਾ ਸਾਹਿਬ, 21 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ ਮਹੀਨੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026' ਵਿਚ ਸਿੱਖ ਭਾਵਨਾਵਾਂ ਵਿਰੁੱਧ ਦਰਜ ਕੁਝ ਵਿਵਾਦਤ ਮੱਦਾਂ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਕਈ ਸਿੱਖ ਜਥੇਬੰਦੀਆਂ ਦੇ ਸੂਬਾ ਸਰਕਾਰ ਨਾਲ ਚੱਲ ਰਹੇ ਟਕਰਾਅ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਇਸ ਮਾਮਲੇ 'ਤੇ ਵਿਚਾਰ ਵਟਾਂਦਰਾ ਕਰਨ ਲਈ 31 ਮਈ ਨੂੰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਇਕ ਵਿਸ਼ਾਲ ਪੰਥਕ ਸੰਮੇਲਨ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਿੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਕੇ ਸ਼ੁਕਰਾਨਾ ਕੀਤਾ, ਉਥੇ 'ਪੰਥਕ ਸੰਮੇਲਨ' ਵਾਲੇ ਸਥਾਨ ਦਾ ਜਾਇਜ਼ਾ ਲਿਆ ਅਤੇ 'ਪੰਥਕ ਸੰਮੇਲਨ' ਦੀਆਂ ਤਿਆਰੀਆਂ ਆਰੰਭ ਕੀਤੀਆਂ | ਬਾਅਦ ਵਿਚ 'ਅਜੀਤ' ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026' ਦਾ ਅਸੀਂ ਸਤਿਕਾਰ ਕਰਦੇ ਹਾਂ ਅਤੇ ਸੋਧੇ ਗਏ ਐਕਟ ਵਿਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਸੰਬੰਧੀ ਸਾਡਾ ਕੋਈ ਵਿਰੋਧ ਨਹੀਂ, ਬਲਕਿ ਸਿੱਖ ਭਾਵਨਾਵਾਂ ਵਿਰੁੱਧ ਮਰਿਆਦਾ ਸੰਬੰਧੀ ਦਰਜ ਕੁਝ ਮੱਦਾਂ ਅਤੇ ਸ਼ਬਦਾਵਲੀ ਨੂੰ ਹਟਾਏ ਜਾਣ ਸੰਬੰਧੀ ਸੰਗਤਾਂ ਵਲੋਂ ਇਤਰਾਜ ਜ਼ਰੂਰ ਹਨ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸੰਗਤਾਂ ਅਤੇ ਬਹੁਤ ਸਾਰੇ ਸਿੱਖ ਵਿਦਵਾਨਾਂ ਵਲੋਂ ਸੁਝਾਅ ਸਨ ਕਿ ਇਸ ਗੰਭੀਰ ਮਸਲੇ ਸੰਬੰਧੀ ਸਮੁੱਚੀਆਂ ਸਿੱਖ ਜਥੇਬੰਦੀਆਂ ਦਾ ਵਿਸ਼ਾਲ ਪੰਥਕ ਇਕੱਠ ਬੁਲਾਇਆ ਜਾਵੇ, ਜਿਸ ਤਹਿਤ 31 ਮਈ ਨੂੰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਪੰਥਕ ਸੰਮੇਲਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪੰਥਕ ਸੰਮੇਲਨ ਕਿਸੇ ਟਕਰਾਓ ਲਈ ਨਹੀਂ, ਬਲਕਿ ਸਿੱਖ ਸੰਗਤਾਂ ਦੇ ਇਤਰਾਜ਼ਾਂ ਦੀ ਤਰਜ਼ਮਾਨੀ ਲਈ ਸੱਦਿਆ ਗਿਆ ਹੈ | ਇਸ ਮੌਕੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਹਰਭਿੰਦਰ ਸਿੰਘ ਧਾਰੋਵਾਲੀ, ਗੁਰਭੇਜ ਸਿੰਘ ਸਰਾਂ, ਦਵਿੰਦਰ ਸਿੰਘ ਭੱਟੀਵਾਲ, ਪ੍ਰਤਾਪ ਸਿੰਘ, ਜੋਗਿੰਦਰ ਸਿੰਘ ਪਾਇਲਟ, ਜਸਵਿੰਦਰ ਸਿੰਘ ਕਾਲਾ, ਸਰਪੰਚ ਜਗਤਾਰ ਸਿੰਘ ਖੈੜਾ ਥਾਣੇਵਾਲ, ਮੰਗਦੀਪ ਸਿੰਘ, ਦਵਿੰਦਰ ਸਿੰਘ ਭੱਟੀਵਾਲ ਆਦਿ ਹਾਜ਼ਰ ਸਨ |
ਸ਼੍ਰੋਮਣੀ ਕਮੇਟੀ ਵਲੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪੰਥਕ ਸੰਮੇਲਨ 31 ਨੂੰ <br/>
ਅਜੀਤ ਡੈਸਕ
22-05-2026