ਅਜਨਾਲਾ, 23 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹੜ੍ਹ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੂਰਾ ਮੁਆਵਜ਼ਾ ਦਿਵਾਉਣ, ਪਾਣੀ ਦੇ ਕੁਦਰਤੀ ਵਹਾਅ ਬਹਾਲ ਕਰਨ, ਹੜ੍ਹ ਪ੍ਰਭਾਵਿਤ ਇਲਾਕੇ ਦੀਆਂ ਸੜਕਾਂ ਨੀਵੀਆਂ ਕਰਨ ਅਤੇ ਆਉਂਦੇ ਬਰਸਾਤ ਦੇ ਸੀਜ਼ਨ ਤੋਂ ਪਹਿਲਾਂ ਸੱਕੀ ਸਮੇਤ ਸਾਰੇ ਨਿਕਾਸੀ ਨਾਲਿਆਂ ਦੀ ਖਲ਼ਾਈ ਕਰਨ ਦੀ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਅਜਨਾਲਾ ਸਥਿਤ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਹੜ੍ਹਾਂ ਦੌਰਾਨ ਕਿਸਾਨਾਂ ਦੀਆਂ ਫ਼ਸਲਾਂ, ਘਰਾਂ ਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਸੀ, ਪਰ ਸਰਕਾਰ ਵਲੋਂ ਦਿੱਤਾ ਗਿਆ ਮੁਆਵਜ਼ਾ ਨਾਹ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਕਈ ਪੀੜਤ ਪਰਿਵਾਰ ਅਜੇ ਵੀ ਸਰਕਾਰੀ ਮੱਦਦ ਦੀ ਉਡੀਕ ਕਰ ਰਹੇ ਹਨ, ਪਰ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਦਰਬਾਰੇ ਪਹੁੰਚ ਵਾਲੇ ਅਤੇ ਰਿਸ਼ਵਤ ਦੇਣ ਵਾਲੇ ਕਿਸਾਨ ਮੁਆਵਜ਼ਾ ਲੈਣ ਵਿਚ ਸਫਲ ਰਹੇ ਹਨ, ਪਰ ਆਮ ਅਤੇ ਗ਼ਰੀਬ ਕਿਸਾਨ ਦੀ ਕੋਈ ਸੁਣਵਾਈ ਨਹੀ ਹੈ | ਯੂਨੀਅਨ ਆਗੂ ਨਾਲ ਮੀਟਿੰਗ ਕਰਨ ਉਪਰੰਤ ਧਰਨਾ ਸਥਾਨ ਤੇ ਪੁੱਜੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੰਗ ਪੱਤਰ ਹਾਸਿਲ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਰਕਾਰ ਵਲੋਂ ਆਉਂਦੇ 2 ਦਿਨਾਂ 'ਚ ਜਿਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ 55 ਕਰੋੜ ਰੁਪਏ, ਘਰਾਂ ਦੇ ਨੁਕਸਾਨ ਦਾ 33 ਕਰੋੜ ਰੁਪਏ ਤੇ ਪਸ਼ੂਆਂ ਦੇ ਹੋਏ ਨੁਕਸਾਨ ਦਾ 1.65 ਕਰੋੜ ਰੁਪਏ ਜਾਰੀ ਕੀਤਾ ਗਿਆ ਹੈ | ਇਸ ਮੌਕੇ ਐੱਸ.ਡੀ.ਐੱਮ ਅਜਨਾਲਾ ਡਾ. ਚਾਰੂਮਿਤਾ ਅਤੇ ਡੀ.ਐੱਸ.ਪੀ. ਗੁਰਦੀਪ ਸਿੰਘ ਸੰਧੂ, ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਜੱਸੜ, ਜ਼ਿਲ੍ਹਾ ਖ਼ਜ਼ਾਨਚੀ ਮੇਜਰ ਸਿੰਘ ਕੜਿਆਲ, ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਸਹਿੰਸਰਾ, ਸੁਖਵਿੰਦਰ ਸਿੰਘ ਕਿਆਮਪੁਰ, ਗੁਰਸ਼ਰਨ ਸਿੰਘ ਰਾਣੇਵਾਲੀ ਤੇ ਬਲਵਿੰਦਰ ਸਿੰਘ ਪੰਜਗਰਾਈਆਂ ਆਦਿ ਹਾਜ਼ਰ ਸਨ |
ਕਿਰਤੀ ਕਿਸਾਨ ਯੂਨੀਅਨ ਵਲੋਂ ਵਿਧਾਇਕ ਧਾਲੀਵਾਲ ਦੇ ਦਫ਼ਤਰ ਅੱਗੇ ਧਰਨਾ <br/>
ਅਜੀਤ ਡੈਸਕ
24-05-2026