ਚੋਗਾਵਾਂ, 25 ਮਈ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ ਪੰਚਾਇਤੀ ਜ਼ਮੀਨ ਵਿਚ ਲੱਗੇ ਤਿੰਨ ਬੋਰਾਂ ਦੀ ਭੰਨ ਤੋੜ ਕਰਕੇ ਇੱਟਾਂ ਪਾ ਕੇ ਬਰਬਾਦ ਕਰ ਦੇਣ ਦੇ ਦੋਸ਼ ਲੱਗੇ ਹਨ | ਇਸ ਸਬੰਧੀ ਦੋਸ਼ ਲਗਾਉਂਦਿਆਂ ਪਿੰਡ ਸ਼ਹੂਰਾ ਦੇ ਸਰਪੰਚ ਸਾਊਣ ਸਿੰਘ, ਵਿਰਾਸਤ ਸੇਵਾ ਸੰਗਠਨ ਦੇ ਇੰਚਾਰਜ ਅੰਮਿ੍ਤਪਾਲ ਸਿੰਘ ਸ਼ਹੂਰਾ, ਗੁਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 2025 ਵਿਚ ਬਖਤਾਵਰ ਸਿੰਘ ਪੁੱਤਰ ਪਰਗਟ ਸਿੰਘ ਨੇ ਬੋਲੀ ਦੇ ਕੇ 22 ਏਕੜ ਜ਼ਮੀਨ ਠੇਕੇ ਉੱਪਰ ਲਈ ਸੀ, ਜਿਸ ਦੇ ਬੋਰ ਬਿਲਕੁਲ ਚਾਲੂ ਹਾਲਤ ਵਿਚ ਸਨ | ਲਿਖਤ ਮੁਤਾਬਿਕ ਪੰਚਾਇਤੀ ਜ਼ਮੀਨ ਵਿਚ ਚਾਲੂ ਬੋਰ ਦਿੱਤੇ ਸਨ ਤੇ ਚਾਲੂ ਹਾਲਤ ਵਿਚ ਹੀ ਵਾਪਸ ਲੈਣੇ ਸਨ | ਹੁਣ ਜਦੋਂ ਬਖਤਾਵਰ ਸਿੰਘ ਨੇ ਆਪਣੀ ਕਣਕ ਦੀ ਕਟਾਈ ਕਰਕੇ ਜ਼ਮੀਨ ਪੰਚਾਇਤ ਨੂੰ ਛੱਡੀ | ਜਦੋਂ ਪੰਚਾਇਤ ਨੇ ਪੰਚਾਇਤੀ ਜ਼ਮੀਨ ਨੂੰ ਵੇਖਿਆ ਤਾਂ ਸ਼ਰਾਰਤੀ ਅਨਸਰਾਂ ਵਲੋਂ ਉਕਤ ਬੋਰਾਂ ਵਿਚ ਇੱਟਾਂ ਪਾ ਕੇ ਭੰਨਤੋੜ ਕਰਕੇ ਬੰਦ ਕਰ ਦਿੱਤੇ | ਉਸ ਦੀਆਂ ਮੋਟਰਾਂ ਵੀ ਕੱਢ ਕੇ ਲੈ ਗਏ | ਜਿਸ ਦਾ ਜ਼ਿੰਮੇਵਾਰ ਬਖਤਾਵਰ ਸਿੰਘ ਹੈ | ਇਸ ਸਬੰਧੀ ਬੀ.ਡੀ. ਪੀ.ਓ. ਚੋਗਾਵਾਂ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ | ਇਸ ਸੰਬੰਧੀ ਬਖਤਾਵਰ ਸਿੰਘ ਨੇ ਲੱਗੇ ਦੋਸ਼ੀਆਂ ਨੂੰ ਨਕਾਰਦਿਆਂ ਕਿਹਾ ਕਿ ਉਹ 11 ਏਕੜ ਜ਼ਮੀਨ ਦੀ ਵਹਾਈ ਕਰ ਰਹੇ ਹਨ ਜਿਸ ਵਿਚ ਇਕ ਬੋਰ ਸੀ, ਜੋ ਹੁਣ ਤੱਕ ਬਿਲਕੁਲ ਚੱਲ ਰਿਹਾ | 11 ਏਕੜ ਜ਼ਮੀਨ ਮੱਲੀ ਪਰਿਵਾਰ ਵਾਹ ਰਿਹਾ ਸੀ, ਜਿਸ ਵਿਚ ਦੋ ਬੋਰ ਸਨ, ਜਿਸ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ | ਮੇਰੇ 'ਤੇ ਲੱਗੇ ਦੋਸ਼ ਬੇਬੁਨਿਆਦ ਹਨ |