ਬਿਆਸ, 25 ਮਈ (ਨਰਿੰਦਰ ਸਿੰਘ)-ਬਿਜਲੀ ਘਰ ਬਿਆਸ ਵਿਖੇ ਉਪ ਮੰਡਲ ਅਫਸਰ ਦੇ ਕਮਰੇ ਦੀ ਛੱਤ ਡਿੱਗ ਪਈ | ਮੌਕੇ 'ਤੇ ਪਹੁੰਚ ਕੇ ਇੰਜ. ਭੁਪਿੰਦਰ ਸਿੰਘ ਜੇ. ਈ. ਤੋਂ ਜਾਣਕਾਰੀ ਮਿਲੀ ਕਿ ਦੁਪਿਹਰ ਦੇ ਵੇਲੇ ਸਾਡੇ ਇੰਜ. ਪ੍ਰਭਜੋਤ ਸਿੰਘ ਗਿੱਲ ਐੱਸ.ਡੀ.ਓ. ਬਿਆਸ ਆਪਣੇ ਬਿਜਲੀ ਮੁਲਾਜਮਾਂ ਨਾਲ ਕਿਤੇ ਮੌਕਾ ਦੇਖਣ ਲਈ ਬਾਹਰ ਗਏ ਸਨ, ਉਪਰੰਤ ਛੱਤ ਹੇਠਾਂ ਡਿੱਗ ਪਈ, ਜਿਸ ਨਾਲ ਅੰਦਰ ਕਮਰੇ 'ਚ ਪਿਆ ਕਾਫ਼ੀ ਸਾਮਾਨ ਦਾ ਨੁਕਸਾਨ ਹੋਇਆ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਜੇ. ਈ. ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਇਮਾਰਤ ਕਾਫੀ ਪੁਰਾਣੀ ਹੈ ਅਤੇ ਹਾਲਤ ਵੀ ਕਾਫ਼ੀ ਖਸਤਾ ਹੋ ਚੁੱਕੀ ਹੈ, ਤੇਰੜਾਂ ਵੀ ਆ ਚੁੱਕੀਆਂ ਹਨ | ਇਸ ਸਾਰੀ ਇਮਾਰਤ ਦੀ ਰਿਪੇਅਰ ਹੋਣਾ ਬਹੁਤ ਲਾਜ਼ਮੀ ਹੈ | ਇਸ ਸੰਬੰਧੀ ਬੀਤੇ ਕੁਝ ਮਹੀਨਿਆਂ ਤੋਂ ਉੱਚ ਅਧਿਕਾਰੀਆਂ, ਸਰਕਾਰ ਨੂੰ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਚਿੱਠੀਆਂ ਰਾਹੀਂ ਜਾਣਕਾਰੀ ਦੇ ਚੁੱਕੇ ਹਾਂ ਅਤੇ ਇਸਦੀ ਨਵੀਂ ਉਸਾਰੀ, ਮੁਰੰਮਤ ਲਈ ਵੀ ਕਹਿ ਚੁੱਕੇ ਹਾਂ | ਬਿਜਲੀ ਮਹਿਕਮਾ ਸਾਡਾ ਕਮਾਊ ਪੁੱਤ ਹੈ, ਸਾਨੂੰ ਨਵਾਂ ਦਫਤਰ ਬਣਾ ਦਿੱਤਾ ਜਾਵੇ ਜਾਂ ਫਿਰ ਅਸੀਂ ਮਜਬੂਰੀ ਨੂੰ ਬਾਹਰ ਕੁਰਸੀਆਂ 'ਤੇ ਬੈਠ ਕੇ ਕੰਮ ਕਰਾਂਗੇ | ਰਿਕਾਰਡ ਰੂਮ ਦੀ ਹਾਲਤ ਵੀ ਤਰਸਯੋਗ ਹੈ ਅਤੇ ਬਰਿਸ਼ਾਂ ਦੇ ਮੌਸਮ 'ਚ ਅਕਸਰ ਬਾਰਿਸ਼ ਦਾ ਪਾਣੀ ਵੀ ਅੰਦਰ ਆ ਜਾਂਦਾ ਹੈ, ਜਿਸ ਨਾਲ ਕਮਰੇ 'ਚ ਪਈਆਂ ਫਾਈਲਾਂ ਦਾ ਭਾਰੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ | ਇਸ ਮੌਕੇ ਜੋਧਬੀਰ ਸਿੰਘ ਸਿੱਧੂ ਸਹਾਇਕ ਜੇ. ਈ., ਸੰਦੀਪ ਸਿੰਘ ਲਾਈਨਮੈਨ, ਮਲਕੀਤ ਸਿੰਘ ਲਾਈਨਮੈਨ, ਗੁਰਮਨਜੀਤ ਸਿੰਘ ਲਾਈਨਮੈਨ ਤੇ ਭੁਪਿੰਦਰਜੀਤ ਸਿੰਘ ਆਦਿ ਹਾਜ਼ਰ ਸਨ |