ਅੰਮਿ੍ਤਸਰ, 28 ਮਈ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਅੰਮਿ੍ਤਸਰ ਦੀ ਅਗਵਾਈ ਹੇਠ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਇਆ ਗਿਆ | ਇਹ ਪ੍ਰੋਗਰਾਮ ਮੈਸਰਜ਼ ਸਪਰਿੰਗ ਡੇਲ ਸੀ. ਸਕੂਲ ਅੰਮਿ੍ਤਸਰ, ਮੈਸਰਜ਼ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਤਰਨ ਤਾਰਨ, ਮੈਸਰਜ਼ ਸੇਂਟ ਫਰਾਂਸਿਸ ਸਕੂਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਮੈਸਰਜ਼ ਬੀ. ਐੱਸ. ਐੱਮ. ਐੱਸ. ਡੀ. ਰਾਜਪੂਤ ਪਬਲਿਕ ਸਕੂਲ ਸੁਜਾਨਪੁਰ ਪਠਾਨਕੋਟ ਵਿਖੇ ਕਰਵਾਏ ਗਏ | ਇਸ ਦੌਰਾਨ ਨੋਡਲ ਅਫ਼ਸਰਾਂ ਨੇ ਰੁਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕੀਤੇ | ਇਸ ਮੌਕੇ ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਅੰਮਿ੍ਤਸਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਸ਼ੁਰੂ ਕੀਤੀ ਹੈ, ਜੋ ਨਿਰਮਾਣ ਖੇਤਰ ਦੇ ਕਰਮਚਾਰੀਆਂ 'ਤੇ ਚਾਰ ਸਾਲਾਂ ਲਈ ਤੇ ਹੋਰ ਮਾਲਕਾਂ 'ਤੇ ਦੋ ਸਾਲਾਂ ਲਈ ਲਾਗੂ ਹੋਵੇਗੀ, ਜਿਸ ਲਈ ਰਜਿਸਟ੍ਰੇਸ਼ਨ 31 ਜੁਲਾਈ 2027 ਤੱਕ ਜਾਰੀ ਰਹੇਗੀ | ਇਹ ਯੋਜਨਾ ਇਕ ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਕਰਮਚਾਰੀਆਂ 'ਤੇ ਲਾਗੂ ਹੁੰਦੀ ਹੈ, ਪਰ ਲਾਭਪਾਤਰੀਆਂ ਨੂੰ ਇਕ ਮਹੀਨੇ ਦੀ ਤਨਖਾਹ (15,000 ਰੁਪਏ ਤੱਕ) ਦੋ ਕਿਸ਼ਤਾਂ 'ਚ ਮਿਲੇਗੀ | ਇਸ ਯੋਜਨਾ ਦੇ ਤਹਿਤ ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਦੇ ਮਾਲਕਾਂ ਨੂੰ ਪ੍ਰਤੀ ਮਹੀਨਾ 3,000 ਰੁਪਏ ਤੱਕ ਦੀ ਸਹਾਇਤਾ ਮਿਲੇਗੀ ਤੇ ਮਾਲਕਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਯੋਜਨਾ ਲਈ ਲਗਪਗ 1 ਲੱਖ ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ, ਜਿਸ ਨਾਲ 35 ਮਿਲੀਅਨ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ | ਉਨ੍ਹਾਂ ਸਾਰੇ ਲਾਭਪਾਤਰੀਆਂ, ਮਾਲਕਾਂ/ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਲਾਭਪਾਤਰੀਆਂ ਦੇ ਬੈਂਕ ਖਾਤੇ ਡੀ.ਬੀ.ਟੀ. ਲਈ ਲਾਜ਼ਮੀ ਤੌਰ 'ਤੇ ਸਮਰੱਥ (ਆਧਾਰ ਨਾਲ ਜੁੜੇ) ਹਨ ਤਾਂ ਜੋ ਪਹਿਲੀ ਕਿਸ਼ਤ ਦੀ ਰਕਮ ਸਰਕਾਰ ਦੁਆਰਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਸਫਲਤਾਪੂਰਵਕ ਭੇਜੀ ਜਾ ਸਕੇ | ਉਨ੍ਹਾਂ ਦੱਸਿਆ ਕਿ ਈ. ਪੀ. ਐੱਫ. ਓ. ਨੇ ਆਪਣੇ ਮੈਂਬਰਾਂ ਲਈ ਪੀ. ਐੱਫ. ਖਾਤਾ ਟਰਾਂਸਫਰ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ | ਹੁਣ ਨੌਕਰੀ ਬਦਲਣ ਦੇ ਜ਼ਿਆਦਾਤਰ ਮਾਮਲਿਆਂ 'ਚ ਪਿਛਲੇ ਜਾਂ ਨਵੇਂ ਰੁਜ਼ਗਾਰਦਾਤਾ ਦੁਆਰਾ ਆਨਲਾਈਨ ਟਰਾਂਸਫਰ ਕਲੇਮ ਭੇਜਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਲਗਪਗ 2782 ਪੈਨਸ਼ਨਰਾਂ ਦਾ ਜੀਵਨ ਪ੍ਰਮਾਣ ਸਰਟੀਫਿਕੇਟ ਜਮਾਂ ਨਹੀਂ ਹੋਏ ਹਨ | ਮੈਂਬਰ ਆਪਣੇ ਸਮਾਰਟ ਫ਼ੋਨ ਰਾਹੀਂ, ਸੁਵਿਧਾ ਕੇਂਦਰ, ਡਾਕਘਰ, ਬੈਂਕ ਅਤੇ ਪੀ. ਐੱਫ. ਦਫ਼ਤਰ ਜਾ ਕੇ ਜੀਵਨ ਪ੍ਰਮਾਣ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਮਈ 2026 'ਚ 8613 ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 8190 ਦਾਅਵਿਆਂ ਦਾ ਦੱਸ ਦਿਨਾਂ 'ਚ ਨਿਪਟਾਰਾ ਕੀਤਾ ਗਿਆ ਸੀ | ਇਸ ਤੋਂ ਇਲਾਵਾ 84 ਨਵੇਂ ਪੈਨਸ਼ਨਰਾਂ ਦੇ ਨਾਲ ਹੋਰਨਾਂ 27,630 ਪੈਨਸ਼ਨਰਾਂ ਨੂੰ ਵੀ ਪੈਨਸ਼ਨ ਦਿੱਤੀ ਗਈ |