ਰਈਆ, 28 ਮਈ (ਸ਼ਰਨਬੀਰ ਸਿੰਘ ਕੰਗ)-ਬੀਤੇ ਦਿਨ 26 ਮਈ ਨੂੰ ਰਈਆ ਵਿਖੇ ਨਗਰ ਪੰਚਾਇਤ ਦੀਆਂ 5 ਵਾਰਡਾਂ ਦੀਆਂ ਹੋਈਆਂ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ ਗਈਆਂ ਸਨ, ਇਨ੍ਹਾਂ ਵਾਰਡਾਂ 'ਤੇ ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੋਟਰਾਂ ਵਲੋਂ ਉਤਸ਼ਾਹ ਵਿਖਾ ਕੇ ਵੋਟਾਂ ਪਾਈਆਂ ਗਈਆਂ ਸਨ ਅਤੇ ਇਨ੍ਹਾਂ 5 ਵਾਰਡਾਂ ਵਿਚ ਮੁੱਖ ਤੌਰ 'ਤੇ ਮੁਕਾਬਲਾ ਕਾਂਗਰਸ ਅਤੇ ਆਪ ਪਾਰਟੀ ਵਿਚ ਵੇਖਣ ਨੂੰ ਮਿਲਿਆ ਸੀ, ਪਰ 1 ਨੰ: ਵਾਰਡ ਅਤੇ 5 ਨੰ: ਵਾਰਡ ਵਿਚ ਬੀ. ਜੇ. ਪੀ. ਦਾ 1-1, ਵਾਰਡ ਨੰ: 5 ਤੇ 6 ਵਿਚ ਅਕਾਲੀ ਦਲ 'ਵਾਰਿਸ ਪੰਜਾਬ ਦੇ' ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ 1-1 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ | ਇਨ੍ਹਾਂ 5 ਵਾਰਡਾਂ ਦੇ ਕਰੀਬ 14 ਉਮੀਦਵਾਰਾਂ ਦੀ ਕਿਸਮਤ 26 ਮਈ ਦੀ ਸ਼ਾਮ ਤੋਂ ਬਕਸਿਆਂ ਵਿਚ ਬੰਦ ਹੈ ਜੋ ਸ਼੍ਰੀ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਪੁਲਿਸ ਦੀ ਸਖਤ ਨਿਗਰਾਨੀ ਹੇਠ ਰੱਖੇ ਗਏ ਹਨ | ਇਨ੍ਹਾਂ ਦੀ ਗਿਣਤੀ ਅੱਜ 29 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਜੇ ਸਭ ਕੁਝ ਠੀਕ-ਠਾਕ ਰਿਹਾ ਤਾਂ ਦੁਪਹਿਰ ਤੱਕ ਸਾਰੇ ਨਤੀਜੇ ਆਉਣ ਦੀ ਸੰਭਾਵਨਾ ਹੈ | ਜਿਉਂ-2 ਗਿਣਤੀ ਦਾ ਟਾਈਮ ਨੇੜੇ ਆ ਰਿਹਾ ਹੈ ਸਾਰੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ | ਰਈਆ ਦੇ ਕੋਨੇ-2 ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣੀ-2 ਜਿੱਤ ਦੇ ਦਾਅਵੇ ਕਰ ਹਨ ਪਰ ਇੱਥੇ ਇਹ ਕਹਾਵਤ ਢੁਕਦੀ ਹੈ ਕਿ 'ਕੁੰਢੀਆਂ ਦੇ ਸਿੰਙ ਫਸ ਗਏ ਕੌਣ ਨਿੱਤਰੂ ਵੜੇਵੇਂ ਖਾਣੀ' ਵਾਲੀ ਮੁਕਾਬਲੇ ਸਖਤ ਸਨ ਤੇ ਕਿਸਦੀ ਕਿਸਮਤ ਜਾਗਦੀ ਹੈ ਤੇ ਉਹ ਜਿੱਤ ਪ੍ਰਾਪਤ ਕਰਦਾ ਹੈ | ਇੱਥੇ ਵਰਨਣਯੋਗ ਹੈ ਕਿ 8 ਵਾਰਡਾਂ ਦੇ ਆਪ ਪਾਰਟੀ ਦੇ ਉਮੀਦਵਾਰ ਦੂਜੀਆਂ ਪਾਰਟੀਆ ਦੇ ਉਮੀਦਵਾਰਾਂ ਦੇ ਕਾਗਜ ਰੱਦ ਹੋਣ ਕਰਕੇ ਪਹਿਲਾਂ ਹੀ ਨਿਰ ਵਿਰੋਧ ਚੁਣੇ ਜਾ ਚੁੱਕੇ ਹਨ |