ਅੰਮ੍ਰਿਤਸਰ, 29 ਮਈ (ਰਾਜੇਸ਼ ਕੁਮਾਰ ਸ਼ਰਮਾ)- ਫਿਰੋਜ਼ਪੁਰ ਡਿਵੀਜ਼ਨ ਪੰਜਾਬ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅਨਾਜ ਦੀ ਨਿਰਵਿਘਨ ਅਤੇ ਸੁਚਾਰੂ ਸਪਲਾਈ ਬਣਾਈ ਰੱਖਣ ‘ਚ ਪੂਰਾ ਸਹਿਯੋਗ ਕਰ ਰਿਹਾ ਹੈ। ਡਿਵੀਜ਼ਨ ਭਾਰਤੀ ਖੁਰਾਕ ਨਿਗਮ ਅਤੇ ਹੋਰ ਸੰਬੰਧਿਤ ਖੁਰਾਕ ਏਜੰਸੀਆਂ ਦੀਆਂ ਜ਼ਰੂਰਤਾਂ ਨੂੰ ਤਰਜੀਹ ਦਿੰਦੇ ਹੋਏ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਮਾਲ ਗੱਡੀਆਂ ਦੀ ਉਪਲਬੱਧਤਾ ਨੂੰ ਯਕੀਨੀ ਬਣਾ ਰਿਹਾ ਹੈ। ਡਵੀਜ਼ਨ ਅਨਾਜ ਦੀ ਸੁਰੱਖਿਅਤ ਲੋਡਿੰਗ, ਤੇਜ਼ ਆਵਾਜਾਈ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਕੁਸ਼ਲ ਸੰਚਾਲਨ ਦੁਆਰਾ ਮਾਲ ਗੱਡੀਆਂ ਨੂੰ ਸੁਰੱਖਿਅਤ ਢੰਗ ਨਾਲ ਅਤੇ ਸਮੇਂ ਸਿਰ ਉਨ੍ਹਾਂ ਦੀਆਂ ਮੰਜ਼ਿਲਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਸੰਦਰਭ ‘ਚ ਫਿਰੋਜ਼ਪੁਰ ਡਿਵੀਜ਼ਨ ਨੇ ਇਕ ਦਿਨ ‘ਚ 13 ਮਾਲ ਗੱਡੀਆਂ ਲੋਡ ਕਰਕੇ ਇਕ ਰਿਕਾਰਡ ਕਾਇਮ ਕੀਤਾ। ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਇਨ੍ਹਾਂ 13 ਮਾਲ ਗੱਡੀਆਂ ਦੀ ਲੋਡਿੰਗ ਨੇ ਡਿਵੀਜ਼ਨ ਦੇ ਇਤਿਹਾਸ ‘ਚ ਇਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਭਾਰਤੀ ਖੁਰਾਕ ਨਿਗਮ ਵਲੋਂ ਡਿਵੀਜ਼ਨ ਦੇ ਫਿਰੋਜ਼ਪੁਰ ਸ਼ਹਿਰ, ਬਟਾਲਾ, ਸੂਰਾਨੁਸੀ, ਮਲਸੀਆਂ, ਗੁਰੂਹਰਸਹਾਏ, ਕਪੂਰਥਲਾ, ਜਗਰਾਉਂ, ਬਿਆਸ, ਫਰੀਦਕੋਟ, ਤਲਵੰਡੀ ਭਾਈ, ਅਜੀਤਵਾਲ, ਗੰਗਸਰ ਜੈਤੋ, ਜੰਡਿਆਲਾ ਰੇਲਵੇ ਸਟੇਸ਼ਨਾਂ ਤੋਂ ਕਣਕ ਅਤੇ ਫੋਰਟੀਫਾਈਡ ਕਰਨਲ ਚੌਲ ਲੋਡ ਕੀਤੇ ਗਏ ਅਤੇ ਵੱਖ-ਵੱਖ ਥਾਵਾਂ ‘ਤੇ ਭੇਜੇ ਗਏ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਡਿਵੀਜ਼ਨ ਦੇਸ਼ ਭਰ ‘ਚ ਅਨਾਜ ਦੀ ਸੁਚਾਰੂ ਸਪਲਾਈ ਬਣਾਈ ਰੱਖਣ ‘ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।