ਕੱਥੂਨੰਗਲ, 5 ਜੂਨ (ਦਲਵਿੰਦਰ ਸਿੰਘ ਰੰਧਾਵਾ)-ਟਾਂਡਾ ਵਿਖੇ ਇਕ ਕਾਂਗਰਸੀ ਵਰਕਰ ਵਲੋਂ ਰਾਜਨੀਤਿਕ ਵਿਰੋਧ ਦੇ ਪ੍ਰਤੀਕ ਵਜੋਂ ਝਾੜੂ ਖਿਲਾਰਣ ਦੇ ਮਾਮਲੇ ਵਿਚ ਦਰਜ ਕੀਤੇ ਗਏ ਪਰਚੇ ਦੀ ਕਾਂਗਰਸ ਪਾਰਟੀ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਮਜੀਠਾ ਭਗਵੰਤ ਪਾਲ ਸਿੰਘ ਸੱਚਰ ਨੇ ਅੱਜ ਆਪਣੇ ਦਫ਼ਤਰ ਕੱਥੂਨੰਗਲ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਰਚਾ ਕਾਨੂੰਨ ਦੇ ਰਾਜ ਦੀ ਨਹੀਂ, ਸਗੋਂ ਸੱਤਾਧਾਰੀ ਧਿਰ ਦੀ ਬਦਲਾਖੋਰੀ ਅਤੇ ਤਾਨਾਸ਼ਾਹੀ ਸੋਚ ਦੀ ਨਿਸ਼ਾਨੀ ਹੈ | ਕਾਂਗਰਸੀ ਆਗੂ ਸੱਚਰ ਨੇ ਕਿਹਾ ਕਿ ਜਿਹੜੀ ਪਾਰਟੀ ਕਦੇ ਝਾੜੂ ਨੂੰ ਭਿ੍ਸ਼ਟਾਚਾਰ ਖ਼ਿਲਾਫ਼ ਸੰਘਰਸ਼ ਦਾ ਪ੍ਰਤੀਕ ਦੱਸਦੀ ਸੀ, ਅੱਜ ਉਸੇ ਝਾੜੂ ਤੋਂ ਡਰ ਕੇ ਵਿਰੋਧੀਆਂ ਉੱਤੇ ਪਰਚੇ ਦਰਜ ਕਰਵਾ ਰਹੀ ਹੈ | ਇਹ ਸਾਬਤ ਕਰਦਾ ਹੈ ਕਿ ਸਰਕਾਰ ਲੋਕਾਂ ਦੇ ਮੁੱਦਿਆਂ ਦਾ ਜਵਾਬ ਦੇਣ ਦੀ ਬਜਾਏ ਦਮਨਕਾਰੀ ਨੀਤੀਆਂ ਅਪਣਾ ਰਹੀ ਹੈ | ਪਾਰਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟਾਂਡਾ ਦੇ ਕਾਂਗਰਸੀ ਵਰਕਰ ਉੱਤੇ ਦਰਜ ਕੀਤਾ ਗਿਆ ਪਰਚਾ ਤੁਰੰਤ ਰੱਦ ਕੀਤਾ ਜਾਵੇ ਅਤੇ ਲੋਕਤੰਤਰੀ ਹੱਕਾਂ ਦਾ ਸਨਮਾਨ ਕੀਤਾ ਜਾਵੇ | ਜੇਕਰ ਸਰਕਾਰ ਨੇ ਆਪਣੀ ਬਦਲਾਖੋਰੀ ਵਾਲੀ ਰਾਜਨੀਤੀ ਬੰਦ ਨਾ ਕੀਤੀ ਤਾਂ ਕਾਂਗਰਸ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਤੱਕ ਜਨ ਅੰਦੋਲਨ ਖੜ੍ਹਾ ਕਰੇਗੀ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰੇਗੀ | ਇਸ ਮੌਕੇ ਸਰਬਜੀਤ ਸਿੰਘ ਸੋਨੂ ,ਪ੍ਰਗਟ ਸਿੰਘ ਚੰਨਣਕੇ, ਪਰਮਜੀਤ ਸਿੰਘ ਭੋਏਵਾਲ , ਬਲਾਕ ਪ੍ਰਧਾਨ ਸੰਦੀਪ ਸਿੰਘ ਕਾਜ਼ੀਕੋਟ , ਸੁਲੱਖਣ ਸਿੰਘ ਕੱਥੂਨੰਗਲ, ਮੋਹਨ ਸਿੰਘ, ਡਾ. ਸੁਖਵਿੰਦਰ ਸਿੰਘ ਰੰਧਾਵਾ, ਗੁਰਪਾਲ ਸਿੰਘ, ਜਤਿੰਦਰ ਸਿੰਘ ਤੇ ਹੋਰ ਵੀ ਸਾਥੀ ਹਾਜ਼ਰ ਸਨ |