ਅੰਮਿ੍ਤਸਰ, 5 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਵਿਸ਼ਵ ਵਾਤਾਵਰਨ ਦਿਵਸ ਮੌਕੇ ਡਾਇਓਸਿਸ ਆਫ਼ ਅੰਮਿ੍ਤਸਰ (ਡੀ. ਓ. ਏ.), ਚਰਚ ਆਫ਼ ਨੌਰਥ ਇੰਡੀਆ (ਸੀ. ਐੱਨ. ਆਈ.) ਵਲੋਂ ਆਪਣੇ ਮੁੱਖ ਦਫ਼ਤਰ, 26, ਆਰਬੀ ਪ੍ਰਕਾਸ਼ ਚੰਦ ਰੋਡ ਪੁਲਿਸ ਲਾਈਨਜ਼ ਲਾਰੰਸ ਰੋਡ ਅੰਮਿ੍ਤਸਰ ਦੇ ਕੰਪਲੈਕਸ 'ਚ ਵੱਖ-ਵੱਖ ਤਰ੍ਹਾਂ ਦੇ ਫਲਦਾਰ ਬੂਟੇ ਲਗਾਏ ਗਏ | ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਘਟ ਰਹੇ ਹਰੇ ਕਵਰ 'ਤੇ ਚਿੰਤਾ ਜ਼ਾਹਰ ਕਰਦਿਆਂ ਡਾਇਓਸਿਸ ਨੇ ਵਾਤਾਵਰਨ ਸੰਭਾਲ ਲਈ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ | ਇਸ ਮੌਕੇ ਦ ਰਈਟ ਰੈਵਰੈਂਡ ਮਨੋਜ ਚਰਨ, ਬਿਸ਼ਪ ਡਾਇਓਸਿਸ ਆਫ ਅੰਮਿ੍ਤਸਰ ਚਰਚ ਆਫ ਨੌਰਥ ਇੰਡੀਆ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਰੱਬ ਦੀ ਸਿ੍ਸ਼ਟੀ ਦੀ ਸੰਭਾਲ ਕਰਨਾ ਸਾਡੀ ਪਵਿੱਤਰ ਜ਼ਿੰਮੇਵਾਰੀ ਹੈ | ਡਾਇਓਸਿਸ ਆਫ ਅੰਮਿ੍ਤਸਰ ਹਰੇ ਕਵਰ ਨੂੰ ਬਚਾਉਣ ਅਤੇ ਟਿਕਾਊ ਅਮਲਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ | ਅੱਜ ਇਹ ਫਲਦਾਰ ਬੂਟੇ ਲਗਾ ਕੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੀ ਰੱਖਿਆ ਕਰਨ ਦੇ ਆਪਣੇ ਪ੍ਰਣ ਨੂੰ ਦੁਹਰਾਉਂਦੇ ਹਾਂ ਅਤੇ ਭਾਈਚਾਰੇ ਨੂੰ ਇਸ ਅਹਿਮ ਮਿਸ਼ਨ 'ਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ | ਇਸ ਮੌਕੇ ਡਾਇਓਸਿਸ ਆਫ ਅੰਮਿ੍ਤਸਰ ਦੇ ਸਾਰੇ ਅਹੁਦੇਦਾਰ ਹਾਜ਼ਰ ਸਨ ਅਤੇ ਉਨ੍ਹਾਂ ਨੇ ਬੂਟੇ ਲਗਾਉਣ ਦੀ ਮੁਹਿੰਮ 'ਚ ਹਿੱਸਾ ਲਿਆ | ਉਨ੍ਹਾਂ ਨੇ ਡਾਇਓਸਿਸ ਦੇ ਵਾਤਾਵਰਨ ਸੰਭਾਲ ਅਤੇ ਪਾਰਿਸਥਿਤਿਕ ਸਥਿਰਤਾ ਵੱਲ ਚੱਲ ਰਹੇ ਯਤਨਾਂ ਲਈ ਆਪਣਾ ਸਮਰਥਨ ਪ੍ਰਗਟ ਕੀਤਾ |