ਅੰਮਿ੍ਤਸਰ, 5 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾਂ ਵਾਲਾ ਵਿਖੇ 'ਇਕ ਪੌਦਾ ਮਾਂ ਦੇ ਨਾਂ' ਮੁਹਿੰਮ ਤਹਿਤ ਵਿਸ਼ੇਸ਼ ਪੌਦਾ ਲਗਾਓ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਸ਼ਵਨੀ ਅਵਸਥੀ ਦੀ ਅਗਵਾਈ ਹੇਠ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਵਲੋਂ ਸਕੂਲ ਕੈਂਪਸ 'ਚ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਗਏ ਅਤੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ | ਸਮਾਗਮ ਦੌਰਾਨ ਪਿ੍ੰ: ਅਸ਼ਵਨੀ ਅਵਸਥੀ ਨੇ ਕਿਹਾ ਕਿ ਰੁੱਖ ਅਤੇ ਪੌਦੇ ਕੁਦਰਤ ਦੀ ਅਨਮੋਲ ਦਾਤ ਹਨ | ਇਹ ਨਾ ਸਿਰਫ਼ ਸਾਨੂੰ ਜੀਵਨ ਵਿਚ ਆਕਸੀਜਨ ਪ੍ਰਦਾਨ ਕਰਦੇ ਹਨ, ਸਗੋਂ ਹਵਾ ਨੂੰ ਸ਼ੁੱਧ ਰੱਖਣ, ਤਾਪਮਾਨ ਨੂੰ ਸੰਤੁਲਿਤ ਕਰਨ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਅਤੇ ਗਲੋਬਲ ਤਪਸ਼ ਦੇ ਮੱਦੇਨਜ਼ਰ ਰੁੱਖਾਂ ਅਤੇ ਪੌਦਿਆਂ ਦੀ ਸੰਭਾਲ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ''ਇੱਕ ਪੌਦਾ ਮਾਂ ਦੇ ਨਾਂ'' ਮੁਹਿੰਮ ਤਹਿਤ ਹਰੇਕ ਵਿਅਕਤੀ ਨੂੰ ਆਪਣੀ ਮਾਂ ਦੇ ਸਨਮਾਨ ਵਿਚ ਇੱਕ ਪੌਦਾ ਲਗਾਉਣ ਅਤੇ ਉਸ ਦੀ ਨਿਯਮਿਤ ਦੇਖਭਾਲ ਕਰਨ ਦੀ ਪ੍ਰੇਰਣਾ ਦਿੱਤੀ ਗਈ | ਇਸ ਮੌਕੇ ਅਮਰਜੀਤ ਸਿੰਘ, ਹਰਦੀਪ ਸਿੰਘ, ਰਜਿੰਦਰ ਸਿੰਘ, ਅਮਨਦੀਪ ਕੌਰ, ਜਸਪ੍ਰੀਤ ਕੌਰ, ਨੀਲੂ ਬਾਲਾ, ਡਾ. ਜਗਨੂਪ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਕੁਸਮ ਚੋਪੜਾ, ਦਵਿੰਦਰ ਕੌਰ ਅਤੇ ਵਿਦਿਆਰਥੀ ਉਚੇਚੇ ਤੌਰ 'ਤੇ ਹਾਜ਼ਰ ਸਨ |ਅੰਤ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਪੌਦੇ ਲਗਾਉਣ, ਉਨ੍ਹਾਂ ਦੀ ਸੰਭਾਲ ਕਰਨ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਦਾ ਸੰਕਲਪ ਲਿਆ |