ਅਜਨਾਲਾ, 11 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਦੁਪਹਿਰ ਤੋਂ ਬਾਅਦ ਅਜਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਛਾਏ ਕਾਲੇ ਬੱਦਲਾਂ ਤੋਂ ਬਾਅਦ ਆਏ ਤੇਜ਼ ਹਨ੍ਹੇਰੀ-ਝੱਖੜ ਤੇ ਤੂਫਾਨ ਨੇ ਭਾਰੀ ਤਬਾਹੀ ਮਚਾਈ | ਤੇਜ਼ ਹਨੇ੍ਹਰੀ ਝੱਖੜ ਕਾਰਨ ਕੁਝ ਹੀ ਪਲਾਂ ਵਿਚ ਕਈ ਥਾਵਾਂ 'ਤੇ ਦਰਖਤ ਸੜਕਾਂ ਅਤੇ ਹੋਰ ਥਾਵਾਂ 'ਤੇ ਡਿਗ ਗਏ ਅਤੇ ਕਈ ਥਾਵਾਂ 'ਤੇ ਬਿਜਲੀ ਦੇ ਟਰਾਂਸਫਾਰਮਰ ਅਤੇ ਬਿਜਲੀ ਸਪਲਾਈ ਦਾ ਢਾਂਚਾ ਵੀ ਪ੍ਰਭਾਵਿਤ ਹੋਇਆ, ਜਿਸ ਕਾਰਨ ਸਰਹੱਦੀ ਸ਼ਹਿਰ ਅਜਨਾਲਾ ਸਮੇਤ ਨੇੜਲੇ ਪਿੰਡਾਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ | ਤੇਜ਼ ਹਨ੍ਹੇਰੀ ਦਾ ਸਭ ਤੋਂ ਵੱਧ ਅਸਰ ਪਿੰਡਾਂ ਵਿਚ ਵੇਖਣ ਨੂੰ ਮਿਲਿਆ, ਜਿੱਥੇ ਕਈ ਕਿਸਾਨਾਂ ਦੇ ਪਸ਼ੂਆਂ ਵਾਲੇ ਸ਼ੈੱਡ ਵੀ ਹਵਾ ਵਿਚ ਉੱਡ ਗਏ | ਹਾਲਾਂਕਿ ਮੀਂਹ ਤੇ ਹਨ੍ਹੇਰੀ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਤੇ ਲੋਕਾਂ ਨੇ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕੀਤੀ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਮਦਾਸ ਖੇਤਰ 'ਚ ਮੀਂਹ ਹਨੇ੍ਹਰੀ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ ਹੈ | ਦੂਜੇ ਪਾਸੇ ਇਸ ਸਮੇਂ ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ 'ਤੇ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵੀ ਵਧ ਗਈ ਹੈ | ਬਿਜਲੀ ਸਪਲਾਈ ਬੰਦ ਰਹਿਣ ਕਾਰਨ ਕਿਸਾਨਾਂ ਨੂੰ ਖੇਤਾਂ ਵਿਚ ਲੱਗੇ ਝੋਨੇ ਨੂੰ ਪਾਣੀ ਲਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਸਬੰਧੀ ਜਦ ਇਲਾਕੇ ਦੇ ਕੁਝ ਬਜ਼ੁਰਗ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤਾਂ ਆਪਣੀ ਜ਼ਿੰਦਗੀ ਵਿਚ ਅਜਿਹਾ ਤੂਫ਼ਾਨ ਪਹਿਲੀ ਵਾਰ ਵੇਖਿਆ ਹੈ | ਇਲਾਕਾ ਵਾਸੀਆਂ ਤੇ ਕਿਸਾਨਾਂ ਨੇ ਪ੍ਰਸ਼ਾਸਨ ਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਵਾਲੀਆਂ ਥਾਵਾਂ 'ਤੇ ਜਲਦ ਕਾਰਵਾਈ ਕਰਦੇ ਹੋਏ ਬਿਜਲੀ ਸਪਲਾਈ ਬਹਾਲ ਕੀਤੀ ਜਾਵੇ | ਇਸ ਤੋਂ ਇਲਾਵਾ ਜੋ ਸੜਕਾਂ ਤੇ ਦਰਖਤ ਡਿੱਗੇ ਹਨ ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਸੜਕਾਂ ਤੋਂ ਹਟਾਇਆ ਜਾਵੇ ਤਾਂ ਜੋ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ |
ਹਨੇ੍ਹਰੀ ਝੱਖੜ ਕਾਰਨ ਪਾਵਰਕਾਮ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ- ਐੱਸ. ਡੀ. ਓ. ਕੁਲਵਿੰਦਰ ਸਿੰਘ
ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਿ: ਮੰਡਲ ਅਜਨਾਲਾ ਦੇ ਐੱਸ. ਡੀ. ਓ. ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਤੇਜ਼ ਹਨ੍ਹੇਰੀ ਤੇ ਝੱਖੜ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਅਜਨਾਲਾ ਸ਼ਹਿਰ ਸਮੇਤ ਨਾਲ ਲੱਗਦੇ ਸਾਰੇ ਪਿੰਡਾਂ ਵਿਚ ਬਿਜਲੀ ਦੀਆਂ ਤਾਰਾਂ 'ਤੇ ਦਰਖਤ ਡਿਗ ਗਏ ਹਨ ਤੇ ਪੇਂਡੂ ਖੇਤਰ ਵਿਚ ਬਿਜਲੀ ਦੇ ਟਰਾਂਸਫ਼ਾਰਮਰ ਅਤੇ ਖੰਭੇ ਡਿੱਗ ਜਾਣ ਕਾਰਨ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਹੀ ਬਿਜਲੀ ਸਪਲਾਈ ਵੀ ਠੱਪ ਹੋਈ ਹੈ | ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਬਹਾਲ ਕਰਨ ਲਈ ਪਾਵਰਕਾਮ ਦੀਆਂ ਟੀਮਾਂ ਫ਼ੀਲਡ ਵਿਚ ਕੰਮ ਕਰ ਰਹੀਆਂ ਹਨ ਤੇ ਸਾਰੇ ਖੇਤਰ ਵਿਚ ਜਲਦ ਤੋਂ ਜਲਦ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ |
ਬਾਬਾ ਬਕਾਲਾ ਸਾਹਿਬ ਵਿਖੇ ਹਨ੍ਹੇਰੀ ਝੱਖੜ ਨੇ ਮਚਾਈ ਤਬਾਹੀ
ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਸ਼ਾਮ ਨੂੰ ਤੇਜ਼ ਹਨ੍ਹੇਰੀ ਅਤੇ ਝੱਖੜ ਨੇ ਜਿਥੇ ਬੀਤੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਕਰਵਾਈ, ਉਥੇ ਇਸ ਤੇਜ਼ ਹਨ੍ਹੇਰੀ ਝੱਖੜ ਨੇ ਆਸ-ਪਾਸ ਭਾਰੀ ਤਬਾਹੀ ਮਚਾਉਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਤੇਜ਼ ਹਨ੍ਹੇਰੀ ਝੱਖੜ ਨੇ ਬਾਬਾ ਬਕਾਲਾ ਸਾਹਿਬ-ਰਈਆ ਸੰਪਰਕ ਸੜਕ 'ਤੇ ਕਈ ਦਰੱਖਤ ਜੜੋ੍ਹਾ ਹੀ ਪੁੱਟ ਸੁੱਟੇ | ਗੁਰੂ ਤੇਗ ਬਹਾਦਰ ਸਰਕਾਰੀ ਸਟੇਡੀਅਮ, ਬਾਬਾ ਬਕਾਲਾ ਸਾਹਿਬ ਦੀ ਕੰਧ ਵੀ ਡਿੱਗ ਪਈ, ਸਾਇਡ 'ਤੇ ਲੱਗਾ ਵੱਡਾ ਦਰੱਖਤ ਵੀ ਡਿੱਗ ਪਿਆ ਅਤੇ ਪੁਲਿਸ ਚੌਂਕੀ ਬਾਬਾ ਬਕਾਲਾ ਸਾਹਿਬ ਨਜ਼ਦੀਕ ਲੱਗਾ ਦਰੱਖਤ ਵੀ ਡਿੱਗ ਪਿਆ | ਬਾਬਾ ਬਕਾਲਾ ਸਾਹਿਬ ਤੋਂ ਦੌਲੋਨੰਗਲ ਰੋਡ, ਲੱਖੂਵਾਲ ਰੋਡ, ਵਡਾਲਾ ਕਲਾਂ ਰੋਡ ਅਤੇ ਧਿਆਨਪੁਰ ਰੋਡ 'ਤੇ ਵੀ ਕਈ ਦਰੱਖਤ ਅਤੇ ਵੱਡੇ ਟਾਹਣ ਡਿੱਗਣ ਕਾਰਣ ਆਵਾਜਾਈ ਪ੍ਰਭਾਵਿਤ ਹੋਈ ਹੈ | ਭਾਵੇਂ ਕਿ ਲੋਕਾਂ ਦੇ ਛੱਪਰੇ, ਸਾਇਨ ਬੋਰਡ ਨੁਕਸਾਨੇ ਜਾਣ ਕਾਰਣ ਮਾਲੀ ਨੁਕਸਾਨ ਹੋਇਆ ਹੈ, ਪਰ ਕਿਸੇ ਵੀ ਪਾਸਿਉਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੈ | ਇਸ ਦੌਰਾਨ ਹੀ ਰਾਉਂਡ ਗਿਲਾਸ ਹਾਕੀ ਅਕੈਡਮੀ ਦੇ ਹਾਕੀ ਕੋਚ ਬਲਜਿੰਦਰ ਸਿੰਘ ਸੋਨੀ ਨੇ ਦੱਸਿਆ ਹੈ ਕਿ ਗਨੀਮਤ ਹੈ ਕਿ ਕੁਝ ਚਿਰ ਪਹਿਲਾਂ ਹੀ ਨੰਨ੍ਹੇ ਮੁੰਨੇ ਖਿਡਾਰੀ ਇੱਥੇ ਹਾਕੀ ਦੀ ਪ੍ਰੈਕਟਿਸ ਕਰਕੇ ਚਲੇ ਗਏ ਸਨ | ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਟੇਡੀਅਮ ਦੀ ਕੰਧ ਜਲਦੀ ਉਸਾਰੀ ਜਾਵੇ ਅਤੇ ਡਿੱਗਿਆ ਦਰੱਖਤ ਜਲਦੀ ਸਮੇਟਿਆ ਜਾਵੇ, ਤਾਂ ਜੋ ਨੰਨ੍ਹੇ ਮੁੰਨੇ ਖਿਡਾਰੀ ਰੋਜ਼ਾਨਾ ਦੀ ਤਰ੍ਹਾਂ ਇੱਥੇ ਹਾਕੀ ਦੀ ਪ੍ਰੈਕਟਿਸ ਕਰ ਸਕਣ |
ਚੇਤਨਪੁਰਾ ਤੋਂ ਆਸ ਪਾਸ ਦੇ ਪਿੰਡਾਂ ਵਿਚ ਆਈ ਤੇਜ਼ ਹਨ੍ਹੇਰੀ ਤੇ ਮੀਂਹ ਝੱਖੜ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ
ਚੇਤਨਪੁਰਾ, (ਮਹਾਂਬੀਰ ਸਿੰਘ ਗਿੱਲ)-ਚੇਤਨਪੁਰਾ ਅਤੇ ਆਸ ਪਾਸ ਦੇ ਪਿੰਡਾਂ ਵਿਚ ਅਚਾਨਕ ਆਈ ਤੇਜ਼ ਰਫਤਾਰ ਹਨ੍ਹੇਰੀ ਝੱਖੜ ਤੇ ਮੀਂਹ ਨੇ ਭਾਰੀ ਤਬਾਹੀ ਮਚਾ ਦਿੱਤੀ, ਅੱਜ ਜਿੱਥੇ ਦਿਨ ਵੇਲੇ ਗਰਮੀ ਦਾ ਭਾਰੀ ਪ੍ਰਕੋਪ ਸੀ ਪਰ ਸ਼ਾਮ ਨੂੰ ਆਏ ਤੇਜ ਤੂਫਾਨ ਅੱਗੇ ਸਭ ਬੇਵੱਸ ਮਹਿਸੂਸ ਕਰਦੇ ਦੇਖੇ ਗਏ | ਚੇਤਨਪੁਰਾ ਅੱਡੇ 'ਤੇ ਸਵਿੰਦਰ ਸਿੰਘ ਪੱਪੂ ਦੇ ਘਰ ਕੋਲ ਇਕ ਧਰੇਕ ਦਾ ਦਰਖਤ ਜੜ ਤੋਂ ਉੱਖੜ ਕੇ ਸੜਕ ਦੇ ਵਿਚਕਾਰ ਡਿੱਗ ਪਿਆ ਜਿਸ ਕਾਰਨ ਸੜਕ ਤੇ ਰਾਹਗੀਰਾਂ ਦਾ ਲੰਗਣਾ ਔਖਾ ਹੋ ਗਿਆ ਅੱਡੇ 'ਤੇ ਆਈਸਕ੍ਰੀਮ ਦੀ ਰੇਹੜੀ ਲਗਾਉਣ ਵਾਲੇ ਵਿੱਕੀ ਦੀ ਰੇਹੜੀ ਸੜਕ ਤੋਂ ਹੇਠਾਂ ਜਾ ਡਿੱਗੀ, ਇਸੇ ਤਰ੍ਹਾਂ ਸੁਜਾਨ ਜੂਸ ਵਾਲੇ ਦੇ ਰੇਹੜੀ ਵੀ ਸੜਕ ਤੋਂ ਹੇਠਾਂ ਜਾ ਡਿੱਗੀ ਜਿਸ ਕਾਰਨ ਉਨ੍ਹਾਂ ਗਰੀਬ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਤੇ ਨੇੜਲੇ ਸਾਰੇ ਪਿੰਡ ਵਿਚ ਕਈ ਦਰਖਤ ਟਰਾਂਸਫਰ ਅਤੇ ਬਿਜਲੀ ਦੇ ਖੰਭੇ ਤੇ ਪਾਣੀ ਵਾਲੀ ਟੈਂਕੀਆਂ ਤੇ ਕੱਚੇ ਘਰ ਡਿੱਗਣ ਦੀਆਂ ਵੀ ਖਬਰਾਂ ਹਨ | ਦੇਰ ਸ਼ਾਮ ਖ਼ਬਰ ਲਿਖੇ ਜਾਣ ਤਕ ਬਿਜਲੀ ਸਪਲਾਈ ਬਿਲਕੁਲ ਠੱਪ ਹੋ ਗਈ ਹੈ ਐੱਮ. ਬੀ. ਐੱਸ. ਕੱਪੜੇ ਵਾਲੀ ਫੈਕਟਰੀ ਦੀਆਂ ਸੋਲਰ ਸਿਸਟਮ ਦੀ ਪਲੇਟਾਂ ਉੱਡ ਗਈਆਂ ਤੇ ਬਿਜਲੀ ਦਾ ਖੰਬਾ ਵੀ ਟੁੱਟ ਗਿਆ | ਪਿੰਡ ਬੀਰਬਲਪੁਰਾ ਦੇ ਅੱਡੇ 'ਤੇ ਸਥਿਤ ਗੁੜ ਵਾਲੀ ਫੈਕਟਰੀ ਦੀਆਂ ਵੀ ਟੀਨਾਂ ਉੱਡ ਜਾਣ ਦੀ ਖ਼ਬਰ ਮਿਲੀ ਹੈ | ਚੇਤਨਪੁਰਾ ਤੋਂ ਮਜੀਠਾ ਜਾਣ ਵਾਲਾ ਰਸਤਾ ਬਿਜਲੀ ਦੀਆਂ 11 ਕਿਲੋਵਾਟ ਵਾਲੀਆਂ ਤਾਰਾਂ ਟੁੱਟ ਜਾਣ ਕਰਕੇ ਬਿਜਲੀ ਬੰਦ ਹੋ ਗਈ | ਜੇਠੂਨੰਗਲ ਦੇ ਸੂਹੇ ਦੇ ਪੁਲ ਕੋਲ਼ ਰਹਿ ਰਹੇ ਕਿਸਾਨਾਂ ਦੇ ਤੂੜੀ ਵਾਲੇ ਸ਼ੈੱਡ ਉੱਡ ਗਏ, ਪਿੰਡ ਕੰਦੋਵਾਲੀ ਸੰਤੂ ਨੰਗਲ ਵਿਖੇ ਕਿਸਾਨਾਂ ਵਲੋਂ ਅੱਜ ਲਗਾਇਆ ਗਿਆ ਝੋਨਾ ਸਾਰਾ ਪਾਣੀ ਵਿਚ ਤੈਰ ਗਿਆ ਜਿਸਨੂੰ ਦੁਬਾਰਾ ਲਗਾਉਣਾ ਪਵੇਗਾ |
ਜੈਂਤੀਪੁਰ ਇਲਾਕੇ 'ਚ ਤੇਜ਼ ਹਨੇਰੀ ਝੱਖ਼ੜ ਕਾਰਨ ਲੋਕਾਂ ਦਾ ਮਾਲੀ ਨੁਕਸਾਨ ਹੋਇਆ
ਜੈਂਤੀਪੁਰ, (ਭੁਪਿੰਦਰ ਸਿੰਘ ਗਿੱਲ)-ਬਾਅਦ ਦੁਪਿਹਰ ਚਲੇ ਤੇਜ਼ ਹਨੇਰੀ ਝੱਖੜ ਕਾਰਨ ਦਰਖਤਾਂ ਬਿਜਲੀ ਦੇ ਖੰਭੇ, ਟੀਨਾ ਆਦਿ ਦਾ ਕਾਫੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ | ਇਥੋਂ ਤੱਕ ਕਿ ਜੈਂਤੀਪੁਰ ਇਲਾਕੇ ਦੀ ਬਿਜਲੀ ਵੀ ਗੁੱਲ ਹੋ ਗਈ | ਜਾਣਕਾਰੀ ਮੁਤਾਬਕ ਸ਼ਾਮ ਨੂੰ ਚਲੇ ਤੇਜ਼ ਹਨੇਰੀ, ਝੱਖੜ ਕਾਰਨ ਕਈ ਦਰੱਖ਼ਤ ਟੁੱਟ ਕੇ ਡਿੱਗ ਪਏ ਇਸ ਤੋਂ ਇਲਾਵਾ ਖੇਤਰ ਅੰਦਰ ਹੋਰ ਕਈ ਥਾਵਾਂ ਤੇ ਕਾਫੀ ਹਨੇਰੀ, ਝੱਖੜ ਕਾਰਨ ਵੱਡੇ ਦਰੱਖਤ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਬਿਜਲੀ ਦੇ ਖੰਬੇ, ਬਿਜਲੀ ਦੇ ਟਰਾਂਸਫਾਰਮਰ ਵੀ ਡਿੱਗ ਪਏ | ਲੋਕਾਂ ਨੇ ਦੱਸਿਆ ਕਿ ਜੈਂਤੀਪੁਰ ਪਿੰਡ ਦੀ ਅੱਜ ਬਿਜਲੀ ਆਉਣ ਦੀ ਵੀ ਕੋਈ ਆਸ ਨਹੀਂ ਲੱਗਦੀ | ਇਸੇ ਨਾਲ ਆਵਾਜਾਈ ਠੱਪ ਹੋ ਗਈ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ |
ਪਿੰਡ ਭੀਲੋਵਾਲ ਕੱਚਾ ਵਿਖੇ ਕਿਸਾਨ ਦਾ ਸ਼ੈੱਡ ਤੇ ਰਹਿਣ ਵਾਲੀ ਜਗ੍ਹਾ ਤੇਜ਼ ਝੱਖੜ ਦੀ ਭੇਟ ਚੜੀ
ਚੋਗਾਵਾਂ, (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਸੀ | ਅੱਜ ਅਸਮਾਨ ਤੇ ਕਾਲੀਆਂ ਘਟਾਵਾਂ, ਤੇਜ ਝੱਖੜ, ਮੀਂਹ ਤੇ ਗੜੇਮਾਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ | ਉੱਥੇ ਹੀ ਤੇਜ਼ ਝੱਖੜ ਕਾਰਨ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਭੀਲੋਵਾਲ ਕੱਚਾ ਵਿਖੇ ਇਕ ਕਿਸਾਨ ਦੇ ਘਰ ਦਾ ਭਾਰੀ ਨੁਕਸਾਨ ਹੋ ਜਾਣ ਦੀ ਖ਼ਬਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਲਖਵਿੰਦਰ ਸਿੰਘ ਪਿੰਡ ਭੀਲੋਵਾਲ ਕੱਚਾ ਨੇ ਦੱਸਿਆ ਕਿ ਤੇਜ ਝੱਖੜ ਮੀਂਹ ਤੇ ਹਨੇਰੀ ਕਾਰਨ ਉਨ੍ਹਾਂ ਦੇ ਡੰਗਰਾਂ ਵਾਲ ਸ਼ੈੱਡ ਤੇ ਰਹਿਣ ਵਾਲੀ ਜਗ੍ਹਾ ਬੁਰੀ ਤਰ੍ਹਾਂ ਨੁਕਸਾਨੀ ਗਈ | ਸ਼ੈੱਡ ਦੀਆਂ ਟੀਨਾਂ ਹਵਾ ਵਿਚ ਉੱਡ ਗਈਆਂ ਤੇ ਸਾਰੀਆਂ ਕੰਧਾਂ ਵੀ ਡਿੱਗ ਪਈਆਂ | ਘਰ ਦੇ ਜੀਆਂ ਨੇ ਬਾਹਰ ਨਿਕਲ ਕੇ ਆਪਣੀਆਂ ਜਾਨਾਂ ਬਚਾਈਆਂ | ਉਨ੍ਹਾਂ ਦੱਸਿਆ ਕਿ ਇਸ ਝੱਖੜ ਕਾਰਨ ਉਨ੍ਹਾਂ ਦੇ ਘਰ ਦਾ ਸਾਮਾਨ ਹਵਾ ਵਿਚ ਉੱਡ ਗਿਆ ਤੇ ਕੰਧਾਂ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਾਰ ਲਈ ਜਾਵੇ | ਤੇਜ਼ ਝੱਖੜ ਕਾਰਨ ਸਾਰੇ ਇਲਾਕੇ ਦੀ ਬਿਜਲੀ ਬਿਲਕੁਲ ਠੱਪ ਹੋ ਗਈ ਹੈ |
ਤੇਜ਼ ਹਨੇਰੀ-ਝੱਖੜ ਤੇ ਤੂਫ਼ਾਨ ਨੇ ਮਚਾਈ ਤਬਾਹੀ, ਪਲਾਂ 'ਚ ਪੁੱਟ ਸੁੱਟੇ ਦਰਖ਼ਤ ਤੇ ਬਿਜਲੀ ਦੇ ਟਰਾਂਸਫ਼ਾਰਮਰ <br/>
ਅਜਨਾਲਾ ਖੇਤਰ 'ਚ ਆਏ ਝੱਖੜ ਕਾਰਨ ਸੜਕ 'ਤੇ ਡਿੱਗਾ ਪਿਆ ਟਰਾਂਸਫਾਰਮਰ ਦਿਖਾਉਂਦੇ ਹੋਏ ਸਥਾਨਿਕ ਲੋਕ ਤੇ ਸੜਕ ਵਿਚਾਲੇ ਡਿੱਗਾ ਸਫ਼ੈਦੇ ਦਾ ਦਰੱਖਤ | ਤਸਵੀਰਾਂ: ਗੁਰਪ੍ਰੀਤ ਸਿੰਘ ਢਿੱਲੋਂ<br/> ਬਾਬਾ ਬਕਾਲਾ ਸਾਹਿਬ ਵਿਖੇ ਭਾਰੀ ਹਨੇਰੀ-ਝੱਖੜ ਕਾਰਨ ਗੁਰੂ ਤੇਗ ਬਹਾਦਰ ਸਰਕਾਰੀ ਸਟੇਡੀਅਮ, ਬਾਬਾ ਬਕਾਲਾ ਸਾਹਿਬ ਦੀ ਡਿੱਗੀ ਕੰਧ 'ਤੇ ਡਿੱਗਿਆ ਦਰੱਖਤ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ<br/>
12-06-2026