ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਾਂਗ ਹਲਕਾ ਅਜਨਾਲਾ ਅੰਦਰ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਦਰਜਨਾਂ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ, ਪਰ ਹੁਣ ਇਨ੍ਹਾਂ ਹੀ ਸੜਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ ਬਹੁਤੀਆਂ ਸੜਕਾਂ ਦੇ ਨਾਲ ਮਿੱਟੀ ਦੇ ਬਰਮ ਨਹੀਂ ਬਣਾਏ ਗਏ ਤੇ ਜੋ ਸੜਕ ਦੀ ਜਗ੍ਹਾ ਹੈ ਉੱਥੇ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸੜਕਾਂ ਬਣਾਉਣ ‘ਤੇ ਤਾਂ ਵੱਡੀ ਰਕਮ ਖ਼ਰਚ ਕੀਤੀ ਗਈ ਹੈ ਜੋ ਕਿ ਸ਼ਲਾਘਾਯੋਗ ਹੈ, ਪਰ ਉਨ੍ਹਾਂ ਦੀ ਸੁਰੱਖਿਆ ਲਈ ਲੋੜੀਂਦੇ ਮਿੱਟੀ ਦੇ ਬਰਮਾ ਵੱਲ ਉਚਿੱਤ ਧਿਆਨ ਨਹੀਂ ਦਿੱਤਾ ਜਾ ਰਿਹਾ।
ਬਰਸਾਤੀ ਮੌਸਮ ਸਿਰ ‘ਤੇ ਹੋਣ ਕਾਰਨ ਲੋਕਾਂ ਨੂੰ ਡਰ ਹੈ ਕਿ ਤੇਜ਼ ਮੀਂਹ ਅਤੇ ਪਾਣੀ ਦੇ ਵਹਾਅ ਨਾਲ ਸੜਕਾਂ ਦੇ ਕਿਨਾਰੇ ਖੁਰ ਸਕਦੇ ਹਨ, ਜਿਸ ਨਾਲ ਸੜਕਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵਧ ਜਾਵੇਗਾ। ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਕਈ ਥਾਵਾਂ ‘ਤੇ ਸੜਕਾਂ ਖੇਤਾਂ ਦੇ ਪੱਧਰ ਨਾਲੋਂ ਉੱਚੀਆਂ ਹਨ ਅਤੇ ਕਿਨਾਰਿਆਂ ‘ਤੇ ਮਿੱਟੀ (ਬਰਮ) ਨਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਹਲਕਾ ਅਜਨਾਲਾ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ ਲਿੰਕ ਸੜਕਾਂ ਪਿੰਡਾਂ ਦੇ ਵਿਕਾਸ ਲਈ ਇਕ ਮਹੱਤਵਪੂਰਨ ਕਦਮ ਹਨ, ਪਰ ਇਨ੍ਹਾਂ ਸੜਕਾਂ ਦੀ ਲੰਬੇ ਸਮੇਂ ਤੱਕ ਸੁਰੱਖਿਆ ਅਤੇ ਸੰਭਾਲ ਨੂੰ ਵੀ ਉਨੀ ਹੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਜੇਕਰ ਸੜਕਾਂ ਦੇ ਨਾਲ ਲੋੜੀਂਦੇ ਮਿੱਟੀ ਦੇ ਬਰਮ ਨਾ ਬਣਾਏ ਗਏ ਤਾਂ ਬਰਸਾਤੀ ਮੌਸਮ ਦੌਰਾਨ ਕਿਨਾਰਿਆਂ ਦੇ ਖੁਰਨ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵੱਧ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕਰਦਿਆਂ ਕਿਹਾ ਕਿ ਜਿੱਥੇ-ਜਿੱਥੇ ਸੜਕਾਂ ਬਣ ਚੁੱਕੀਆਂ ਹਨ, ਉੱਥੇ ਤੁਰੰਤ ਮਿੱਟੀ ਦੇ ਬਰਮਾ ਬਣਾਉਣ ਅਤੇ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਕੀਤਾ ਜਾਵੇ।
ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ ਨਵੀਆਂ ਸੜਕਾਂ ਨਾਲ ਮਿੱਟੀ ਦੇ ਬਰਮ ਬਣਾਉਣ ਦੀ ਲੋੜ, ਕਈ ਲੋਕਾਂ ਨੇ ਸੜਕਾਂ ਦੀ ਜਗ੍ਹਾ ’ਤੇ ਕੀਤੇ ਹਨ ਨਾਜਾਇਜ਼ ਕਬਜ਼ੇ
ਅਜੀਤ ਡੈਸਕ
16-06-2026