ਰਈਆ, 30 ਜੁਲਾਈ (ਸ਼ਰਨਬੀਰ ਸਿੰਘ ਕੰਗ)-ਬਰਨਾਲਾ ਵਿਖੇ ਪੁਲਿਸ ਵਲੋਂ ਸਫਾਈ ਸੇਵਕਾਂ ’ਤੇ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਦਿਤੇ ਪੰਜਾਬ ਬੰਦ ਦੇ ਸੱਦੇ ਨੂੰ ਰਈਆ ਵਿਖੇ ਭਰਵਾਂ ਹੁੰਗਾਰਾ ਮਿਲਿਆ ਤੇ ਕਸਬਾ ਰਈਆ ਮਕੁੰਮਲ ਬੰਦ ਰਿਹਾ। ਸਫਾਈ ਸੇਵਕਾਂ ਦੇ ਸੰਘਰਸ਼ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਰਕਰਾਂ ਵਲੋਂ ਗੁਰਨਾਮ ਸਿੰਘ ਭਿੰਡਰ ਅਤੇ ਸਵਿੰਦਰ ਸਿੰਘ ਖਹਿਰਾ ਦੀ ਅਗਵਾਈ ਵਿਚ ਮਜ਼ਦੂਰਾਂ ਕਿਸਾਨਾਂ ਦਾ ਵੱਡਾ ਜਥਾ ਸੰਘਰਸ਼ ਦੀ ਹਮਾਇਤ ਕਰਦਾ ਹੋਇਆ ਸ਼ਾਮਿਲ ਹੋਇਆ। ਸਫਾਈ ਸੇਵਕਾਂ ਵਲੋਂ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਂਦਿਆਂ ਰਈਆ ਦੇ ਬਾਜ਼ਾਰਾਂ ਵਿਚ ਯੂਨੀਅਨ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ਰੋਸ ਮਾਰਚ ਕੀਤਾ ਗਿਆ ਤੇ ਫੇਰੂਮਾਨ ਚੌਂਕ ਵਿਚ ਰੋਸ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਦੇ ਹੋਏ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਦਾਊਦ, ਮਿੰਟੂ ਪ੍ਰਧਾਨ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਸਾਥੀ ਗੁਰਮੇਜ ਸਿੰਘ ਤਿੰਮੋਵਾਲ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹਨ । ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਇਨ੍ਹਾਂ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਡੱਟ ਕੇ ਇਨ੍ਹਾਂ ਸਫਾਈ ਸੇਵਕਾਂ ਦਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਜੋਗਿੰਦਰ ਸਿੰਘ, ਓਮ ਪ੍ਰਕਾਸ਼, ਸੁਖਦੀਪ ਸਿੰਘ, ਬਾਬੂ ਸਿੰਘ, ਆਸ਼ੂ, ਬੀਨੂ, ਗੁਰਮੀਤ ਕੌਰ, ਸਰਬਜੀਤ ਕੌਰ, ਸੰਤੋਸ਼, ਕਾਜਲ, ਰਕੇਸ਼ ਕੁਮਾਰ, ਸੁਖਜਿੰਦਰ ਸਿੰਘ ਧਿਆਨਪੁਰ, ਪਲਵਿੰਦਰ ਸਿੰਘ ਮਹਿਮਪੁਰ ਜਮਹੂਰੀ ਕਿਸਾਨ ਸਭਾ ਦੇ ਹਰਪ੍ਰੀਤ ਸਿੰਘ ਬਟਾਰੀ, ਸੂਬਾ ਸਿੰਘ ਵਡਾਲਾ, ਪਰਗਟ ਸਿੰਘ ਟੌਂਗ, ਪਰਵਿੰਦਰ ਸਿੰਘ ਰਈਆ, ਹਰਭਜਨ ਸਿੰਘ ਫੇਰੂਮਾਨ ਆਦਿ ਆਗੂ ਸ਼ਾਮਿਲ ਸਨ।