ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਵਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਦਾ ਸਮਾਪਤੀ ਸਮਾਰੋਹ
ਅੰਮ੍ਰਿਤਸਰ, 9 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ.
ਅੰਮ੍ਰਿਤਸਰ, 9 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਵਲੋਂ 15 ਦਿਨਾਂ ਚੱਲੀ ‘ਸਵੱਛਤਾ ਹੀ ਸੇਵਾ’ ਮੁਹਿੰਮ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਮੁਹਿੰਮ ਦਾ ਉਦੇਸ਼ ਵਿਦਿਆਰਥੀਆਂ ਵਿਚ ਸਫ਼ਾਈ, ਸਵੱਛਤਾ, ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਸਥਿਰ ਜੀਵਨ-ਸ਼ੈਲੀ ਨਾਲ ਸੰਬੰਧਿਤ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਸੀ। ਸਮਾਰੋਹ ’ਚ ਡਾ. ਬਲਬੀਰ ਸਿੰਘ, ਐੱਨ. ਐੱਸ. ਐੱਸ. ਕੋਆਰਡੀਨੇਟਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ਵਿਚ ਪੰਦਰਾਂ ਦਿਨਾਂ ਦੀ ਮੁਹਿੰਮ ਨੂੰ ਸਫ਼ਲ ਬਣਾਉਣ ’ਚ ਐੱਨ. ਐੱਸ. ਐੱਸ. ਵਲੰਟੀਅਰਾਂ ਵਲੋਂ ਦਿਖਾਈ ਗਈ ਸਮਰਪਣ ਭਾਵਨਾ ਦੀ ਸ਼ਲਾਘਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਐੱਨ. ਐੱਸ. ਐੱਸ. ਵਲੰਟੀਅਰਾਂ ਨੂੰ ਸਾਰਥਕ ਗਤੀਵਿਧੀਆਂ ’ਚ ਸਰਗਰਮੀ ਨਾਲ ਸ਼ਾਮਲ ਕਰਨ ਲਈ ਕਾਲਜ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਫ਼ਾਈ ਸਿਰਫ਼ ਵਿਅਕਤੀਗਤ ਜ਼ਿੰਮੇਵਾਰੀ ਨਹੀਂ ਬਲਕਿ ਇਕ ਸਾਂਝੀ ਸਮਾਜਿਕ ਵਚਨਬੱਧਤਾ ਹੈ। ਉਨ੍ਹਾਂ ਵਲੰਟੀਅਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਕੈਂਪਸ ਤੋਂ ਬਾਹਰ ਵੀ ਸਫ਼ਾਈ, ਸਥਿਰ ਵਿਕਾਸ ਅਤੇ ਜ਼ਿੰਮੇਵਾਰ ਨਾਗਰਿਕਤਾ ਦਾ ਸੰਦੇਸ਼ ਪਹੁੰਚਾਉਣ। ਪੰਦਰਾਂ ਦਿਨਾਂ ਦੇ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਲਈ ਕਈ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ। ਡਾ. ਸ਼ਿਖਾ ਬਾਗੀ, ਐੱਮ. ਡੀ. ਟਾਈਮਲੈੱਸ ਐਸਥੈਟਿਕਸ, ਵਲੋਂ ਸੁੰਦਰਤਾ, ਸਿਹਤ ਅਤੇ ਵਿਅਕਤੀਗਤ ਤੰਦਰੁਸਤੀ ਸਬੰਧੀ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਸਿਹਤਮੰਦ ਅਤੇ ਸਵੱਛ ਜੀਵਨ-ਸ਼ੈਲੀ ਅਪਣਾਉਣ ਦੀ ਮਹੱਤਤਾ ’ਤੇ ਚਾਨਣਾ ਪਾਇਆ। ਸਮਾਪਤੀ ਸਮਾਰੋਹ ਦੌਰਾਨ ਵੱਖ-ਵੱਖ ਮੁਕਾਬਲਿਆਂ ਅਤੇ ਗਤੀਵਿਧੀਆਂ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਜੇਤੂਆਂ ਨੂੰ ਉਨ੍ਹਾਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਅਤੇ ਮੁਹਿੰਮ ’ਚ ਯੋਗਦਾਨ ਲਈ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਅਖ਼ੀਰ ’ਚ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਐਨ. ਐਸ. ਐਸ. ਵਲੰਟੀਅਰਾਂ ਅਤੇ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਲਈ ਵਧਾਈ ਦਿੱਤੀ ਅਤੇ ਸਫ਼ਾਈ, ਸਥਿਰ ਵਿਕਾਸ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।