ਬੇਮੌਸਮੀ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਅਜਨਾਲਾ ਖੇਤਰ ’ਚ ਕਈ ਥਾਵਾਂ ’ਤੇ ਫ਼ਸਲਾਂ ਜ਼ਮੀਨ ’ਤੇ ਵਿਛੀਆਂ
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਅੱਧੀ ਰਾਤ ਤੋਂ ਬਾਅਦ ਚੱਲੀਆਂ ਤੇਜ਼ ਹਵਾਵਾਂ ਤੋਂ ਬਾਅਦ ਹੋਈ ਬੇਮੌਸਮੀ ਬਾਰਿਸ਼ ਤੇ ਅੱਜ ਚੱਲੀਆਂ ਤੇਜ਼ ਹਵਾਵਾਂ ਨੇ ਬਾਸਮਤੀ ਉਤਪਾਦਕ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਬਾਰਿਸ਼ ਕਾਰਨ ਜਿਥੇ ਖੇਤਾਂ ਵਿਚ ਪੱਕਣ ਕਿਨਾਰੇ ਪੁੱਜੀ ਬਾਸਮਤੀ ਦੀ ਅਗੇਤੀ ਫ਼ਸਲ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ, ਉਥੇ ਹੀ ਮੰਡੀਆਂ ਵਿਚ ਵਿਕਰੀ ਲਈ ਪਹੁੰਚੀ ਅਤੇ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਦੇ ਵੀ ਮੀਂਹ ਦੀ ਮਾਰ ਹੇਠ ਆਉਣ ਦਾ ਖ਼ਦਸ਼ਾ ਹੈ।
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਅੱਧੀ ਰਾਤ ਤੋਂ ਬਾਅਦ ਚੱਲੀਆਂ ਤੇਜ਼ ਹਵਾਵਾਂ ਤੋਂ ਬਾਅਦ ਹੋਈ ਬੇਮੌਸਮੀ ਬਾਰਿਸ਼ ਤੇ ਅੱਜ ਚੱਲੀਆਂ ਤੇਜ਼ ਹਵਾਵਾਂ ਨੇ ਬਾਸਮਤੀ ਉਤਪਾਦਕ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਬਾਰਿਸ਼ ਕਾਰਨ ਜਿਥੇ ਖੇਤਾਂ ਵਿਚ ਪੱਕਣ ਕਿਨਾਰੇ ਪੁੱਜੀ ਬਾਸਮਤੀ ਦੀ ਅਗੇਤੀ ਫ਼ਸਲ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ, ਉਥੇ ਹੀ ਮੰਡੀਆਂ ਵਿਚ ਵਿਕਰੀ ਲਈ ਪਹੁੰਚੀ ਅਤੇ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਦੇ ਵੀ ਮੀਂਹ ਦੀ ਮਾਰ ਹੇਠ ਆਉਣ ਦਾ ਖ਼ਦਸ਼ਾ ਹੈ। ਕਿਸਾਨਾਂ ਅਨੁਸਾਰ ਕਈ ਥਾਵਾਂ ’ਤੇ ਲਗਾਤਾਰ ਬਾਰਸ਼ ਕਾਰਨ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਸਾਨ ਤਰਸੇਮ ਸਿੰਘ ਸੰਧੂ ਨੇ ਕਿਹਾ ਕਿ ਇਸ ਸਮੇਂ ਬਾਸਮਤੀ 1509 ਤੇ 1692 ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਵਾਢੀ ਵੀ ਜ਼ੋਰਾਂ ਨਾਲ ਚੱਲ ਰਹੀ ਪਰ ਅੱਜ ਪਏ ਬੇਮੌਸਮੀ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਸਟੀਲ ਕਵਰ ਸ਼ੈੱਡ ਕਾਰਨ ਮੰਡੀ ’ਚ ਪਹੁੰਚੀ ਜ਼ਿਆਦਾਤਰ ਫ਼ਸਲ ਮੀਂਹ ਤੋਂ ਬਚੀ ਦਾਣਾ ਮੰਡੀ ਅਜਨਾਲਾ ਵਿਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਉਦਮ ਨਾਲ ਬਣਾਏ ਗਏ ਸਟੀਲ ਕਵਰ ਸ਼ੈੱਡਾਂ ਕਾਰਨ ਮੰਡੀ ਵਿਚ ਪਹੁੰਚੀ ਜ਼ਿਆਦਾ (80 ਪ੍ਰਤੀਸ਼ਤ ਤੋਂ ਵਧੇਰੇ) ਫ਼ਸਲ ਮੀਂਹ ਤੋਂ ਬਚ ਗਈ। ਹਾਲਾਂਕਿ ਸ਼ੈੱਡ ਤੋਂ ਬਾਹਰ ਪਿਆ ਝੋਨਾ ਮੀਂਹ ਕਾਰਨ ਗਿੱਲਾ ਵੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਝੋਨਾ ਪ੍ਰਾਈਵੇਟ ਖ਼ਰੀਦਦਾਰਾਂ ਵਲੋਂ ਖ਼ਰੀਦਿਆ ਜਾ ਚੁੱਕਾ ਸੀ। ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ ਤੇ ਸਕੱਤਰ ਸੰਦੀਪ ਸਿੰਘ ਰਿਆੜ ਨੇ ਦੱਸਿਆ ਕਿ ਮੰਡੀ ਵਿਚ ਬਣੇ ਸਟੀਲ ਕਵਰ ਸ਼ੈੱਡਾਂ ਕਾਰਨ ਫ਼ਸਲ ਮੀਂਹ ਤੋਂ ਬਚੀ ਰਹੀ ਹੈ, ਉਨ੍ਹਾਂ ਕਿਹਾ ਕਿ ਮੰਡੀ ਵਿਚ ਆ ਰਹੀ ਫ਼ਸਲ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਹੋਈ ਫ਼ਸਲ ਨੂੰ ਮੌਸਮ ਦੀ ਖ਼ਰਾਬੀ ਕਾਰਨ ਨੁਕਸਾਨ ਨਾ ਪਹੁੰਚੇ। ਉਨ੍ਹਾਂ ਆੜ੍ਹਤੀਆਂ ਨੂੰ ਹਦਾਇਤ ਵੀ ਕੀਤੀ ਕਿ ਨਿਯਮਾਂ ਅਨੁਸਾਰ ਉਹ ਤਰਪਾਲਾਂ ਦੇ ਲੋੜੀਂਦੇ ਪ੍ਰਬੰਧ ਕਰਕੇ ਰੱਖਣ।