ਪੰਜਾਬ ਕਿਸਾਨ ਯੂਨੀਅਨ ਵਲੋਂ ਕੌਮੀ ਸੰਮੇਲਨ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
ਮਾਨਸਾ, 14 ਅਗਸਤ (ਵਿ. ਪ੍ਰਤੀ)- ਪੰਜਾਬ ਕਿਸਾਨ ਯੂਨੀਅਨ ਵਲੋਂ ਕੌਮੀ ਸੰਮੇਲਨ ਦੀਆਂ ਤਿਆਰੀਆਂ ਸੰਬੰਧੀ ਸਥਾਨਕ ਬਾਬ ਬੂਝਾ ਸਿੰਘ ਭਵਨ ਵਿਖੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮਾਨਸਾ, 14 ਅਗਸਤ (ਵਿ.ਪ੍ਰਤੀ)- ਪੰਜਾਬ ਕਿਸਾਨ ਯੂਨੀਅਨ ਵਲੋਂ ਕੌਮੀ ਸੰਮੇਲਨ ਦੀਆਂ ਤਿਆਰੀਆਂ ਸੰਬੰਧੀ ਸਥਾਨਕ ਬਾਬ ਬੂਝਾ ਸਿੰਘ ਭਵਨ ਵਿਖੇ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਦੱਸਿਆ ਕਿ 20 ਤੇ 21 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਣ ਜਾ ਰਹੇ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ 5ਵੇਂ ਕੌਮੀ ਸੰਮੇਲਨ ਦੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਕਾਰਪੋਰੇਟ ਘਰਾਣਿਆਂ ਵਲੋਂ ਖੇਤੀਯੋਗ ਜ਼ਮੀਨਾਂ ’ਤੇ ਕਬਜ਼ਾ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵਾਰ-ਵਾਰ ਭਰੋਸੇ ਅਤੇ ਕਮੇਟੀਆਂ ਬਣਾਉਣ ਦੇ ਬਾਵਜੂਦ ਹਾਲੇ ਤੱਕ ਫ਼ਸਲਾਂ ਦੀ ਐਮ.ਐਸ.ਪੀ. ’ਤੇ ਕੋਈ ਕਾਨੂੰਨੀ ਗਾਰੰਟੀ ਨਹੀਂ ਦਿੱਤੀ ਗਈ। ਉਨ੍ਹਾਂ ਆਖਿਆ ਕਿ ਕਾਰਪੋਰੇਟ ਘਰਾਣਿਆਂ ਦੇ ਲੱਖਾਂ ਰੁਪਏ ਦੇ ਕਰਜ਼ੇ ਮਾਫ਼ ਕਰਨ ਵਾਲੀ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ੇ ਦੇ ਬੋਝ ਤੋਂ ਮੁਕਤੀ ਦਿਵਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ, ਜਿਸ ਕਾਰਨ ਖੇਤੀ ਲਾਗਤਾਂ ’ਚ ਲਗਾਤਾਰ ਹੋ ਰਹੇ ਵਾਧੇ ਅਤੇ ਰੁਜ਼ਗਾਰ ਦੇ ਸੰਕਟ ਕਾਰਨ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹੋ ਰਹੇ ਹਨ। ਇਸ ਮੌਕੇ ਮੱਖਣ ਸਿੰਘ ਮਾਨ, ਕਰਨੈਲ ਸਿੰਘ ਮਾਨਸਾ, ਜਗਤਾਰ ਸਿੰਘ ਸਹਾਰਨਾ, ਸੁਖਚਰਨ ਸਿੰਘ ਦਾਨੇਵਾਲੀਆ ਆਦਿ ਹਾਜ਼ਰ ਸਨ।