ਸਿਵਲ ਹਸਪਤਾਲ ’ਚ ਨਵੀਂ ਲੈਪਰੋਸਕੋਪੀ ਮਸ਼ੀਨ ਨਾਲ ਹੋਇਆ ਪਿੱਤੇ ਦਾ ਪਹਿਲਾ ਆਪ੍ਰੇਸ਼ਨ
ਮਲੋਟ, 7 ਸਤੰਬਰ (ਪਾਟਿਲ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਅੱਜ ਸਿਵਲ ਹਸਪਤਾਲ ਮਲੋਟ ਦਾ ਦੌਰਾ ਕੀਤਾ ਗਿਆ।
ਮਲੋਟ, 7 ਸਤੰਬਰ (ਪਾਟਿਲ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਅੱਜ ਸਿਵਲ ਹਸਪਤਾਲ ਮਲੋਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਹਸਪਤਾਲ ਵਿਚ ਨਵੀਂ ਲਿਆਂਦੀ ਗਈ ਲੈਪਰੋਸਕੋਪੀ ਮਸ਼ੀਨ ਰਾਹੀਂ ਕੀਤੇ ਜਾ ਰਹੇ ਆਪ੍ਰੇਸ਼ਨਾਂ ਦੀ ਤਕਨੀਕ ਸੰਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਹਸਪਤਾਲ ਵਿਚ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਾ. ਬਲਜੀਤ ਕੌਰ ਨੇ ਕਿਹਾ ਕਿ ਸਿਵਲ ਹਸਪਤਾਲ ਮਲੋਟ ਵਿਚ ਲੋਕਾਂ ਨੂੰ ਬਿਹਤਰ ਤੇ ਮਿਆਰੀ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਲੈਪਰੋਸਕੋਪੀ ਮਸ਼ੀਨ ਉਪਲਬਧ ਹੋਣ ਨਾਲ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵੱਲ ਜਾਣ ਦੀ ਲੋੜ ਘੱਟ ਹੋਵੇਗੀ ਅਤੇ ਸਥਾਨਕ ਪੱਧਰ ’ਤੇ ਹੀ ਆਧੁਨਿਕ ਇਲਾਜ ਦੀ ਸਹੂਲਤ ਮਿਲ ਸਕੇਗੀ। ਇਸ ਮੌਕੇ ਸਿਵਲ ਹਸਪਤਾਲ ਦੇ ਸਰਜਨ ਡਾ. ਸਿਮਰਨਪ੍ਰੀਤ ਸਿੰਘ ਵਲੋਂ ਨਵੀਂ ਲੈਪਰੋਸਕੋਪੀ ਮਸ਼ੀਨ ਰਾਹੀਂ ਅੱਜ ਪਿੱਤੇ (ਗਾਲ ਬਲੈਡਰ) ਦਾ ਪਹਿਲਾ ਆਪ੍ਰੇਸ਼ਨ ਸਫ਼ਲਤਾਪੂਰਵਕ ਕੀਤਾ ਗਿਆ। ਕੈਬਨਿਟ ਮੰਤਰੀ ਨੇ ਹਸਪਤਾਲ ਦੇ ਡਾਕਟਰਾਂ ਤੇ ਸਟਾਫ਼ ਨਾਲ ਗੱਲਬਾਤ ਕਰਦਿਆਂ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ। ਉਨ੍ਹਾਂ ਕਿਹਾ ਕਿ ਸਿਟੀ ਸਕੈਨ ਦੀ ਸੁਵਿਧਾ ਵੀ ਜਲਦ ਹੀ ਸਿਵਲ ਹਸਪਤਾਲ ਮਲੋਟ ਵਿਖੇ ਸ਼ੁਰੂ ਕਰ ਦਿੱਤੀ ਜਾਵੇਗੀ।