ਸੈਨੇਟ ਚੋਣਾਂ: ਲੰਬੀ ਹਲਕੇ ਵਿਚ 23.4 ਫ਼ੀਸਦ ਵੋਟਿੰਗ
ਤਿੰਨ ਬੂਥਾਂ ’ ਤੇ 2467 ਵੋਟਰਾਂ ਵਿਚੋਂ 578 ਨੇ ਪਾਈਆਂ ਵੋਟਾਂ
ਮੰਡੀ ਕਿੱਲਿਆਂਵਾਲੀ, 20 ਸਤੰਬਰ (ਇਕਬਾਲ ਸਿੰਘ ਸ਼ਾਂਤ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਤਹਿਤ ਲੰਬੀ ਹਲਕੇ ਵਿਚ 23. 4 ਫ਼ੀਸਦ ਵੋਟਿੰਗ ਹੋਈ।
ਮੰਡੀ ਕਿੱਲਿਆਂਵਾਲੀ, 20 ਸਤੰਬਰ (ਇਕਬਾਲ ਸਿੰਘ ਸ਼ਾਂਤ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਤਹਿਤ ਲੰਬੀ ਹਲਕੇ ਵਿਚ 23.4 ਫ਼ੀਸਦ ਵੋਟਿੰਗ ਹੋਈ। ਪਿੰਡ ਬਾਦਲ ਅਤੇ ਮੰਡੀ ਕਿੱਲਿਆਂਵਾਲੀ ਵਿਖੇ ਬਣੇ ਤਿੰਨ ਪੋਲਿੰਗ ਬੂਥਾਂ ’ਤੇ ਕੁੱਲ 2467 ਗ੍ਰੈਜੂਏਟ ਵੋਟਰ ਸਨ, ਜਿਨ੍ਹਾਂ ਵਿਚੋਂ 578 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੇ ਬੂਥ ਨੰਬਰ 203 ’ਤੇ 584 ਵੋਟਰਾਂ ਵਿਚੋਂ 123 ਨੇ ਵੋਟ ਪਾਈ। ਇੱਥੇ ਵੋਟਿੰਗ 21.06 ਫ਼ੀਸਦ ਰਹੀ। ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਦੇ ਬੂਥ ਨੰਬਰ 204 ’ਤੇ 1003 ਵਿਚੋਂ 258 ਵੋਟਰਾਂ ਨੇ ਵੋਟ ਪਾਈ, ਜੋ 25.72 ਫ਼ੀਸਦ ਬਣਦੀ ਹੈ। ਇਸੇ ਕਾਲਜ ਦੇ ਬੂਥ ਨੰਬਰ 205 ’ਤੇ 880 ਵਿਚੋਂ 197 ਵੋਟਾਂ ਪਈਆਂ ਅਤੇ ਵੋਟਿੰਗ 22.39 ਫ਼ੀਸਦ ਰਹੀ। ਲੰਬੀ ਹਲਕੇ ਵਿਚ ਵੋਟਿੰਗ ਦੀ ਰਫ਼ਤਾਰ ਮੱਠੀ ਰਹੀ। ਇਸ ਦਾ ਇਕ ਕਾਰਨ ਅੱਜ ਪੰਜਾਬ ਵਿਚ ਸਕੂਲ ਲੈਕਚਰਾਰਾਂ ਦੀ ਪ੍ਰੀਖਿਆ ਹੋਣਾ ਵੀ ਮੰਨਿਆ ਜਾ ਰਿਹਾ ਹੈ। ਹਲਕੇ ਦੇ ਅਧਿਆਪਕ ਅਤੇ ਹੈੱਡ ਹਲਕਿਆਂ ਨਾਲ ਸਬੰਧਿਤ ਵੋਟਰਾਂ ਵਿਚ ਵੋਟਿੰਗ ਲਗਪਗ ਸੌ ਫ਼ੀਸਦ ਰਹੀ। ਇਸ ਮੌਕੇ ਪੋਲਿੰਗ ਕੇਂਦਰਾਂ ਦੇ ਬਾਹਰ ਵੱਖ-ਵੱਖ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਪੰਡਾਲ ਲਗਾਏ ਗਏ ਸਨ। ਪਿਛਲੇ ਕਈ ਦਿਨਾਂ ਤੋਂ ਗ੍ਰੈਜੂਏਟ ਵੋਟਰਾਂ ਨਾਲ ਚੱਲ ਰਿਹਾ ਸੰਪਰਕ ਆਖਰ ਤੱਕ ਜਾਰੀ ਰਿਹਾ। ਸਮਰਥਕ ਵੋਟਰਾਂ ਨੂੰ ਪੋਲਿੰਗ ਕੇਂਦਰਾਂ ਤੱਕ ਲਿਆਉਣ ਲਈ ਸਰਗਰਮ ਰਹੇ। ਤਿੰਨ ਵਾਰ ਸੈਨੇਟ ਮੈਂਬਰ ਰਹੇ ਉਮੀਦਵਾਰ ਵਰਿੰਦਰ ਸਿੰਘ ਅਬੋਹਰ ਦੀ ਹਮਾਇਤ ਵਿਚ ਦਸ਼ਮੇਸ਼ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਐੱਸ.ਐੱਸ. ਸੰਘਾ, ਸਾਬਕਾ ਬੀਮਾ ਅਧਿਕਾਰੀ ਭੁਪਿੰਦਰ ਪਹੂਜਾ ਅਤੇ ਸੁਖਜਿੰਦਰ ਸਿੰਘ ਪੰਨੀਵਾਲਾ ਵਲੋਂ ਮੁਹਿੰਮ ਚਲਾਈ ਗਈ। ਉਮੀਦਵਾਰ ਅਸ਼ੋਕ ਗੋਇਲ ਦੀ ਹਮਾਇਤ ਵਿਚ ਮਹੰਤ ਗੁਰਬੰਤਾ ਦਾਸ ਮੈਮੋਰੀਅਲ ਨਰਸਿੰਗ ਕਾਲਜ ਬਠਿੰਡਾ ਦੇ ਚੇਅਰਮੈਨ ਡਾ. ਸੁਰਿੰਦਰਪਾਲ ਜੱਸੀ ਨੇ ਗ੍ਰੈਜੂਏਟ ਵੋਟਰਾਂ ਨਾਲ ਸੰਪਰਕ ਕੀਤਾ। ਡਾ. ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਵਿਚ ਪ੍ਰੋ. ਦਿਲਰਾਜ ਸਿੰਘ ਲੰਬੀ, ਭੁਪਿੰਦਰ ਪੰਨੀਵਾਲੀਆ ਅਤੇ ਸੁੰਦਰ ਸਿੰਘ ਕੰਡਾ ਸਮੇਤ ਹੋਰ ਸਮਰਥਕ ਸਰਗਰਮ ਰਹੇ। ਗੁਰੂ ਨਾਨਕ ਕਾਲਜ ਦੇ ਬਾਹਰ ਪਿੰਡ ਖਿਉਵਾਲੀ ਨਾਲ ਸਬੰਧਿਤ ਉਮੀਦਵਾਰ ਡਾ. ਅਮਨਦੀਪ ਸਿੰਘ ਖਿਉਵਾਲੀ ਦੇ ਚੋਣ ਪੰਡਾਲ ਵਿਚ ਵੀ ਸਮਰਥਕਾਂ ਦੀ ਭਰਵੀਂ ਮੌਜੂਦਗੀ ਰਹੀ। ਉਨ੍ਹਾਂ ਦੀ ਹਮਾਇਤ ਵਿਚ ਹਰਦੀਪ ਸਿੰਘ ਚੰਡੀਗੜ੍ਹ, ਸਾਬਕਾ ਸਰਪੰਚ ਗੁਰਜੰਟ ਸਿੰਘ ਮਿਠੜੀ ਬੁਧਗਿਰ, ਰੇਸ਼ਮ ਸਿੰਘ ਢਿੱਲੋਂ, ਸੀਨੀਅਰ ਅਕਾਲੀ ਆਗੂ ਗੁਰਜੀਵਨ ਸਿੰਘ ਘੁਮਿਆਰਾ ਅਤੇ ਤਰਸੇਮ ਕੁਮਾਰ ਗਰਗ ਸਮੇਤ ਹੋਰ ਸਮਰਥਕ ਸਰਗਰਮ ਸਨ। ਦੋਵੇਂ ਪੋਲਿੰਗ ਕੇਂਦਰਾਂ ਦੇ ਆਲੇ-ਦੁਆਲੇ ਉਮੀਦਵਾਰਾਂ ਦੇ ਸਮਰਥਕਾਂ ਦੀ ਸਰਗਰਮੀ ਕਾਰਨ ਚੋਣ ਮਾਹੌਲ ਬਣਿਆ ਰਿਹਾ। ਵੋਟਿੰਗ ਮੁਕੰਮਲ ਹੋਣ ਤੱਕ ਸਮਰਥਕ ਵੋਟਰਾਂ ਨਾਲ ਸੰਪਰਕ ਕਰਦੇ ਰਹੇ।