ਪੰਜਾਬ ’ਚ ਭਾਜਪਾ ਸਰਕਾਰ ਬਣਨਾ ਤੈਅ : ਮੇਜਰ ਭੁਪਿੰਦਰ ਸਿੰਘ ਬਾਦਲ
ਮੰਡੀ ਕਿੱਲਿਆਂਵਾਲੀ, 19 ਸਤੰਬਰ (ਇਕਬਾਲ ਸਿੰਘ ਸ਼ਾਂਤ)-ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਤੇ ਹਾਲ ਹੀ ਵਿਚ ਭਾਜਪਾ ’ਚ ਸ਼ਾਮਿਲ ਹੋਏ ਮੇਜਰ ਭੁਪਿੰਦਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ 2027 ਵਿਚ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ। ਉਹ ਅੱਜ ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਿਖੇ ਲੰਬੀ ਹਲਕੇ ਦੇ ਭਾਜਪਾ ਵਰਕਰਾਂ, ਮੰਡਲ ਤੇ ਸਰਕਲ ਪ੍ਰਧਾਨਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਮੰਡੀ ਕਿੱਲਿਆਂਵਾਲੀ, 19 ਸਤੰਬਰ (ਇਕਬਾਲ ਸਿੰਘ ਸ਼ਾਂਤ)-ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਤੇ ਹਾਲ ਹੀ ਵਿਚ ਭਾਜਪਾ ’ਚ ਸ਼ਾਮਿਲ ਹੋਏ ਮੇਜਰ ਭੁਪਿੰਦਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ 2027 ਵਿਚ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ। ਉਹ ਅੱਜ ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਿਖੇ ਲੰਬੀ ਹਲਕੇ ਦੇ ਭਾਜਪਾ ਵਰਕਰਾਂ, ਮੰਡਲ ਤੇ ਸਰਕਲ ਪ੍ਰਧਾਨਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਮੇਜਰ ਬਾਦਲ ਨੇ ਕਿਹਾ ਕਿ ਭਾਜਪਾ ਨੇ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਇਹ ਕਦਮ ਚੁੱਕਿਆ। ਉਨ੍ਹਾਂ 23 ਸਤੰਬਰ ਨੂੰ ਲੰਬੀ ਵਿਚੋਂ ਲੰਘਣ ਵਾਲੀ ਭਾਜਪਾ ਦੀ ’ਨਸ਼ਾ ਮੁਕਤ ਪੰਜਾਬ ਯਾਤਰਾ’ ਵਿਚ ਵਰਕਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲੰਬੀ ਹਲਕੇ ਦੇ ਸਾਰੇ ਪਿੰਡਾਂ ਅਤੇ ਕਰੀਬ 177 ਬੂਥਾਂ ’ਤੇ ਉਹ ਜ਼ਮੀਨੀ ਪੱਧਰ ’ਤੇ ਕੰਮ ਕਰਨਗੇ ਅਤੇ ਫ਼ੀਲਡ ਵਿਚ ਰਹਿਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਹਲਕਾ ਲੰਬੀ ’ਚ ‘ਜੁਆਇੰਟ ਕਿਲਰ’ ਬਣ ਕੇ ਅਜਿਹੀ ਜਿੱਤ ਦਰਜ ਕਰਨਗੇ, ਜਿਸ ਦੀ ਕੌਮੀ ਪੱਧਰ ’ਤੇ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਗੁਆਂਢੀ ਸੂਬੇ ਦੇ ਆਗੂ ਵੀ ਲੰਬੀ ਦੀ ਚੋਣ ਮੁਹਿੰਮ ਵਿਚ ਸਾਥ ਦੇਣਗੇ। ਇਸ ਮੌਕੇ 2022 ’ਚ ਲੰਬੀ ਤੋਂ ਭਾਜਪਾ ਉਮੀਦਵਾਰ ਰਹੇ ਰਾਕੇਸ਼ ਧੀਂਗੜਾ ਨੇ ਕਿਹਾ ਕਿ ਪੇਂਡੂ ਵੋਟਰਾਂ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਅਹਿਮੀਅਤ ਦੇ ਮੱਦੇਨਜ਼ਰ ਵਰਕਰ ਇਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਨਿੱਤਰਨਗੇ। ਸਾਬਕਾ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਭਾਜਪਾ ਦੀਆਂ ਨੀਤੀਆਂ ਦਾ ਜ਼ਿਕਰ ਕੀਤਾ। ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਮੀਟਿੰਗ ਮਗਰੋਂ ਮੇਜਰ ਬਾਦਲ ਨੇ ਆਪਣੇ ਮਰਹੂਮ ਪਿਤਾ ਗੁਰਰਾਜ ਸਿੰਘ ਬਾਦਲ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਆਗਾਮੀ ਸਿਆਸੀ ਸਫ਼ਰ ਦਾ ਆਗਾਜ਼ ਕੀਤਾ। ਇਸ ਮੌਕੇ ਲੰਬੀ ਤੋਂ ਅਮਰਵੀਰ ਸਿੰਘ ‘ਬਾਵਾ ਬਾਦਲ’, ਸੁਖਜੀਤ ਵੜਿੰਗਖੇੜਾ, ਨੌਜਵਾਨ ਆਗੂ ਜਗਸੀਰ ਮਿੱਡੂਖੇੜਾ, ਨਵਜੋਤ ਬਨਵਾਲਾ, ਨੀਰਜ ਜਿੰਦਲ, ਸੁਖਬੀਰ ਗੱਗੜ ਤੇ ਅਮਨ ਸ਼ਰਮਾ ਵੀ ਮੌਜੂਦ ਸਨ। ਮੇਰੇ ਪਿਤਾ ਅਕਾਲੀ ਦਲ ਦੇ ਇਕਲੌਤੇ ਐਮ.ਪੀ ਸਨ ਸ਼੍ਰੋਮਣੀ ਅਕਾਲੀ ਦਲ ਦੇ ਇਕ ਬੁਲਾਰੇ ਵਲੋਂ ਮੇਜਰ ਬਾਦਲ ਦੇ ਕਦੇ ਅਕਾਲੀ ਦਲ ਵਿਚ ਨਾ ਹੋਣ ਸਬੰਧੀ ਦਿੱਤੇ ਬਿਆਨ ’ਤੇ ਉਨ੍ਹਾਂ ਤਿੱਖਾ ਜਵਾਬ ਦਿੰਦੇ ਕਿਹਾ ਕਿ ਜੇ ਉਹ ਅਕਾਲੀ ਦਲ ਵਿਚ ਨਹੀਂ ਸਨ ਤਾਂ ਫਿਰ ਅਕਾਲੀ ਦਲ ਵਿਚ ਕੌਣ ਸੀ? ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸ. ਗੁਰਰਾਜ ਸਿੰਘ ਢਿੱਲੋਂ 1952 ਤੋਂ 1958 ਤੱਕ ਰਾਜ ਸਭਾ ਮੈਂਬਰ ਰਹੇ ਅਤੇ ਉਸ ਸਮੇਂ ਪੰਜਾਬ ਦੇ ਦੋ ਸੰਸਦ ਮੈਂਬਰਾਂ ’ਚੋਂ ਉਹ ਅਕਾਲੀ ਦਲ ਦੇ ਇਕਲੌਤੇ ਐਮ.ਪੀ ਸਨ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸਾਹਿਬ ਉਸ ਵੇਲੇ ਹਾਲੇ ਛੋਟੀ ਉਮਰ ਦੇ ਸਨ। ਮੇਜਰ ਭੁਪਿੰਦਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੁਰੱਖਿਆ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ‘ਮੈਂ ਜਿਹੋ-ਜਿਹਾ ਹਾਂ, ਉਹੋ-ਜਿਹਾ ਹੀ ਰਹਿਣਾ ਚਾਹੁੰਦਾ ਹਾਂ।’’ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਲਈ ਉਨ੍ਹਾਂ ਦਾ ਘਰ 24 ਘੰਟੇ ਖੁੱਲ੍ਹਾ ਹੈ ਅਤੇ ਉਹ ਸਿੱਧਾ ਰਾਬਤਾ ਰੱਖਣਗੇ।