ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲਿਆਂ ਦੀ ਤਿਆਰੀ ਸੰਬੰਧੀ ਮੀਟਿੰਗ
ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ ਜਪੁ ਜੀ ਸਾਹਿਬ ਦੇ ਸ਼ੁੱਧ ਉਚਾਰਨ ਅਤੇ ਕੰਠ ਮੁਕਾਬਲਿਆਂ ਦੀ ਤਿਆਰੀ ਸੰਬੰਧੀ ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀਆਂ ਸੀ. ਬੀ.
ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ ਜਪੁ ਜੀ ਸਾਹਿਬ ਦੇ ਸ਼ੁੱਧ ਉਚਾਰਨ ਅਤੇ ਕੰਠ ਮੁਕਾਬਲਿਆਂ ਦੀ ਤਿਆਰੀ ਸੰਬੰਧੀ ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀਆਂ ਸੀ.ਬੀ.ਐਸ.ਈ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦੋਵੇਂ ਸ਼ਾਖਾਵਾਂ ਵਿਖੇ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਨਾਲ ਮੁਕਾਬਲਿਆਂ ਸੰਬੰਧੀ ਵਿਚਾਰ-ਵਟਾਂਦਰਾ ਕਰਦਿਆਂ ਬੱਚਿਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕਰਨ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਰੋਲ ਸੇਵਾ ਸੰਸਥਾ ਦੇ ਮੁਖੀ ਡਾ. ਜਗਦੀਪ ਸਿੰਘ ਸੋਢੀ ਨੇ ਕਿਹਾ ਕਿ ਜਪੁ ਜੀ ਸਾਹਿਬ ਗੁਰਬਾਣੀ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਬੱਚਿਆਂ ਨੂੰ ਇਸ ਦਾ ਸ਼ੁੱਧ ਉਚਾਰਨ ਕਰਨ ਦੇ ਨਾਲ-ਨਾਲ ਇਸ ਦੀ ਬਾਣੀ ਨਾਲ ਜੁੜਨ ਲਈ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਕੂਲੀ ਉਮਰ ਬੱਚਿਆਂ ਦੇ ਜੀਵਨ ਵਿਚ ਸੰਸਕਾਰਾਂ ਤੇ ਚੰਗੀਆਂ ਆਦਤਾਂ ਦੇ ਨਿਰਮਾਣ ਦਾ ਮਹੱਤਵਪੂਰਨ ਸਮਾਂ ਹੁੰਦਾ ਹੈ। ਇਸ ਉਮਰ ਵਿਚ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਉਨ੍ਹਾਂ ’ਚ ਚੰਗੇ ਵਿਚਾਰ, ਸੇਵਾ ਭਾਵਨਾ ਅਤੇ ਨੈਤਿਕ ਕਦਰਾਂ-ਕੀਮਤਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਡਾ. ਸੋਢੀ ਨੇ ਕਿਹਾ ਕਿ ਅਜਿਹੇ ਧਾਰਮਿਕ ਤੇ ਸਿੱਖਿਆਤਮਕ ਮੁਕਾਬਲੇ ਬੱਚਿਆਂ ਅੰਦਰ ਗੁਰਬਾਣੀ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿਚ ਵੀ ਵਾਧਾ ਕਰਦੇ ਹਨ। ਉਨ੍ਹਾਂ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲਿਆਂ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨ ਅਤੇ ਤਿਆਰੀ ਕਰਵਾਉਣ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਕੂਲਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਹ ਮੁਕਾਬਲੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਿਚ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਸਕੂਲਾਂ ਵਿਚ ਮੁਕਾਬਲੇ ਹੋਣਗੇ, ਸੈਮੀਫਾਈਨਲ ਸ੍ਰੀ ਮੁਕਤਸਰ ਸਾਹਿਬ ਹੋਵੇਗਾ ਅਤੇ ਇੱਥੇ ਹੀ ਫਾਈਨਲ ਮੁਕਾਬਲਿਆਂ ਦਾ ਨਤੀਜਾ ਦੇਣ ਉਪਰੰਤ ਨਵੰਬਰ ਮਹੀਨੇ ਵਿਚ ਇਨਾਮ ਵੰਡ ਸਮਾਗਮ ਰੱਖਿਆ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਪੂਰਨ ਚੰਦ ਸੀ.ਬੀ.ਐਸ.ਈ. ਬੋਰਡ ਅਤੇ ਪ੍ਰਿੰਸੀਪਲ ਬਿੰਦਰਪਾਲ ਕੌਰ ਪੀ.ਐਸ.ਈ.ਬੀ. ਬੋਰਡ ਤੋਂ ਇਲਾਵਾ ਅਧਿਆਪਕ ਹਾਜ਼ਰ ਸਨ।