ਸਾਦਿਕ, 6 ਨਵੰਬਰ (ਆਰ.ਐਸ.ਧੁੰਨਾ)-ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਅਤੇ ਨੈਸ਼ਨਲ ਕੌਂਸਲ ਆਫ਼ ਸਾਇੰਸ ਐਂਡ ਟੈਕਨੋਲੋਜੀ ਵਲੋਂ ਜ਼ਿਲ੍ਹਾ ਪੱਧਰੀ 32ਵੀਂ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਸੰਬੰਧੀ ਕਰਵਾਏ ਗਏ ਸਮਾਗਮ ਵਿਚ ਤਾਜ ਪਬਲਿਕ ਸਕੂਲ ਜੰਡ ਸਾਹਿਬ ਦੇ ਗਿਆਰ੍ਹਵੀਂ ਜਮਾਤ (ਮੈਡੀਕਲ) ਦੇ ਵਿਦਿਆਰਥੀਆਂ ਵੀਰਪਾਲ ਕੌਰ ਅਤੇ ਮਨਵੀਰ ਸਿੰਘ ਨੇ ਹਿੱਸਾ ਲਿਆ। ਇੰਨ੍ਹਾਂ ਵਿਦਿਆਰਥੀਆਂ ਨੇ ਬਾਇਓ ਲੈਕਚਰਾਰ ਡਾ. ਰਾਏ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡ ਪਿੰਡੀ ਬਲੋਚਾਂ (ਫ਼ਰੀਦਕੋਟ) ਦੇ ਝੋਨੇ ਦੀ ਫ਼ਸਲ ਦੇ ਨਦੀਨਾਂ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਖੋਜ ਕਰਕੇ ਨੈਸ਼ਨਲ ਸਾਇੰਸ ਕਾਂਗਰਸ ਵਿਚ ਪ੍ਰਦਰਸ਼ਿਤ ਕੀਤੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਟੇਟ ਪੱਧਰ ’ਤੇ ਆਪਣਾ ਸਥਾਨ ਬਣਾਇਆ। ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਪ, ਚੇਅਰਪਰਸਨ ਰਮਨਦੀਪ ਕੌਰ ਸੰਧੂ ਅਤੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਅਤੇ ਗਾਈਡ ਅਧਿਆਪਕ ਡਾ. ਰਾਏ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ ਅਤੇ ਹੋਰ ਅਜਿਹੇ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ।