27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਹਲਕੀ ਬਾਰਿਸ਼ ਹਾੜ੍ਹੀ ਦੀਆਂ ਫ਼ਸਲਾਂ ਲਈ ਸੋਨੇ 'ਤੇ ਸੁਹਾਗਾ ਸਾਬਤ ਹੋਵੇਗੀ

Ad Position 21
No active advertisement
ਅਜੀਤ ਡੈਸਕ 02-01-2026
ਰਾਜਪੁਰਾ, 1 ਜਨਵਰੀ (ਰਣਜੀਤ ਸਿੰਘ)-ਸਬ-ਡਵੀਜ਼ਨ ਰਾਜਪੁਰਾ ਹਲਕੇ 'ਚ ਹੋਈ ਹਲਕੀ ਬਾਰਿਸ਼ ਨੇ ਜਿੱਥੇ ਆਮ ਜਨ-ਜੀਵਨ ਦੀ ਰਫ਼ਤਾਰ ਨੂੰ ਇਕ ਤਰ੍ਹਾਂ ਨਾਲ ਬਰੇਕ ਲਾ ਦਿੱਤੀ ਹੈ ਉੱਥੇ ਹੀ ਇਹ ਬਾਰਿਸ਼ ਹਾੜੀ ਦੀਆਂ ਫ਼ਸਲਾਂ ਖ਼ਾਸ ਤੌਰ 'ਤੇ ਕਣਕ ਦੀ ਫ਼ਸਲ ਲਈ ਰਾਹਤ ਬਣ ਕੇ ਬਹੁੜੀ ਹੈ ਤੇ ਸੋਨੇ 'ਤੇ ਸੁਹਾਗਾ ਸਾਬਤ ਹੋਵੇਗੀ | ਇਸ ਨਾਲ ਕਣਕ ਦਾ ਝਾੜ ਵਧਣ ਦੀ ਆਸ ਨੰੂ ਬੂਰ ਪੈਂਦਾ ਵਿਖਾਈ ਦੇ ਰਿਹਾ ਹੈ | ਜਾਣਕਾਰੀ ਮੁਤਾਬਿਕ ਹਲਕੇ ਦੇ ਪਿੰਡਾਂ ਨੀਲਪੁਰ, ਦਮਨਹੇੜੀ, ਖ਼ਾਨਪੁਰ, ਧਮੋਲੀ, ਖਡੋਲੀ, ਮਦਨਪੁਰ, ਚਲਹੇੜੀ, ਪਹਿਰ, ਨੇਪਰਾਂ, ਫਤਿਹਪੁਰਗੜ੍ਹੀ ਅਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਨੇ 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਸਮਾਨੀ ਬਾਰਿਸ਼ ਦਾ ਪਾਣੀ ਆਪਣੇ ਨਾਲ ਨਾਈਟਰੋਜਨ ਲੈ ਕੇ ਆਉਂਦਾ ਹੈ ਜੋ ਕਣਕ ਦੇ ਕੁਦਰਤੀ ਫੁਟਾਰੇ ਲਈ ਲਾਹੇਵੰਦ ਹੁੰਦਾ ਹੈ | ਇਸ ਨਾਲ ਕਣਕ ਦਾ ਰੰਗ ਗੂੜਾ ਹਰਾ ਹੋ ਜਾਂਦਾ ਹੈ ਅਤੇ ਕਣਕ ਦੇ ਬੂਟੇ 'ਚ ਜਾਨ ਪੈ ਜਾਂਦੀ ਹੈ | ਬਾਰਿਸ਼ ਕਾਰਨ ਤਾਪਮਾਨ ਵਿਚ ਗਿਰਾਵਟ ਆ ਜਾਂਦੀ ਹੈ | ਇਹ ਗਿਰਾਵਟ ਕਣਕ ਦੇ ਦਾਣੇ ਦੀ ਗੁਣਵੱਤਾ ਅਤੇ ਬੂਟੇ ਦੇ ਵਾਧੇ ਲਈ ਅਨੁਕੂਲ ਹਾਲਾਤ ਪੈਦਾ ਕਰਦੀ ਹੈ | ਬਾਰਿਸ਼ ਕਾਰਨ ਪੱਤਿਆਂ ਉੱਪਰ ਜੰਮੀ ਧੂੜ ਮਿੱਟੀ ਦੇ ਕਣ ਧੋਤੇ ਜਾਂਦੇ ਹਨ | ਇਸ ਨਾਲ ਬੂਟਿਆਂ ਦੀ ਸੂਰਜ ਦੀ ਰੌਸ਼ਨੀ ਸੋਖਣ ਦੀ ਸਮਰੱਥਾ ਵੱਧ ਜਾਂਦੀ ਹੈ | ਇਸ ਸੰਬੰਧੀ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਕਣਕ ਨੂੰ ਦੂਜਾ ਪਾਣੀ ਲਾਉਣਾ ਸੀ ਉਨ੍ਹਾਂ ਲਈ ਇਹ ਬਾਰਿਸ਼ ਡੀਜ਼ਲ ਅਤੇ ਬਿਜਲੀ ਦੀ ਬੱਚਤ ਦੇ ਰੂਪ ਵਿਚ ਲਾਹੇਵੰਦ ਸਾਬਤ ਹੋਈ ਹੈ ਅਤੇ ਕਿਹਾ ਜੇਕਰ ਬਾਰਿਸ਼ ਹਲਕੀ ਹੀ ਰਹਿੰਦੀ ਹੈ ਤਾਂ ਇਹ ਬਾਰਿਸ਼ ਆਲੂਆਂ ਦੀ ਫ਼ਸਲ ਲਈ ਵੀ ਫ਼ਾਇਦੇਮੰਦ ਹੈ ਪਰ ਜੇਕਰ ਖੇਤਾਂ ਵਿਚ ਪਾਣੀ ਖੜ੍ਹ ਜਾਂਦਾ ਹੈ ਤਾਂ ਲੇਟ ਬਲਾਇਟ (ਝੁਲਸ ਰੋਗ) ਦਾ ਖ਼ਤਰਾ ਵੱਧ ਸਕਦਾ ਹੈ | ਹਲਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਇਹ ਬਾਰਿਸ਼ ਕਣਕ ਹਰਾ ਚਾਰਾ, ਸਰੋਂ੍ਹ, ਆਲੂ ਅਤੇ ਹੋਰ ਫ਼ਸਲਾਂ ਲਈ ਲਾਭਦਾਇਕ ਸਾਬਤ ਹੋਵੇਗੀ ਪਰ ਜੇਕਰ ਜ਼ਿਆਦਾ ਬਾਰਿਸ਼ ਪੈਂਦੀ ਹੈ ਅਤੇ ਖੇਤਾਂ ਵਿਚ ਪਾਣੀ ਖੜ੍ਹਨ ਦੀ ਨੌਬਤ ਆ ਜਾਂਦੀ ਹੈ ਤਾਂ ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਾਭਾ ਨਵੀਂ ਜ਼ਿਲ੍ਹਾ ਜੇਲ੍ਹ 'ਚ ਤਲਾਸ਼ੀ ਦੌਰਾਨ ਇਤਰਾਜ਼ਯੋਗ ਸਾਮਾਨ ਬਰਾਮਦ, ਮਾਮਲਾ ਦਰਜ ਅਗਲੀ ਖ਼ਬਰ ਗੁਰਦੁਆਰਾ ਗੁਰੂ ਰਵਿਦਾਸ ਸਮਾਣਾ 'ਚ ਨਵੇਂ ਸਾਲ ਦੀ ਆਮਦ 'ਤੇ ਸਮਾਗਮ, ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ
Ad Position 24