ਸਮਾਣਾ, 1 ਜਨਵਰੀ (ਸਾਹਿਬ ਸਿੰਘ)-ਗੁਰਦੁਆਰਾ ਗੁਰੂ ਰਵਿਦਾਸ ਸਾਹਿਬ ਮਲਕਾਨਾ ਪੱਤੀ ਸਮਾਣਾ ਵਿਖੇ ਨਵੇਂ ਸਾਲ ਦੀ ਆਮਦ 'ਤੇ ਸਮਾਗਮ ਕਰਵਾਇਆ ਗਿਆ | ਜਿਸ ਵਿਚ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਨਿੱਜੀ ਸਹਾਇਕ ਗੁਰਦੇਵ ਸਿੰਘ ਟਿਵਾਣਾ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਉਪਰੰਤ ਵੱਖ-ਵੱਖ ਬੱਚਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਗੁਰਦੇਵ ਸਿੰਘ ਟਿਵਾਣਾ ਨੇ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਅਰਦਾਸ ਕੀਤੀ ਕਿ ਨਵਾਂ ਵਰ੍ਹਾ ਪੰਜਾਬ ਦੇ ਲੋਕਾਂ ਲਈ ਖ਼ੁਸ਼ੀਆਂ ਲੈ ਕੇ ਆਵੇ ਅਤੇ ਸਮਾਂ ਸੇਵਾ ਸਿਮਰਨ ਵਿਚ ਬਤੀਤ ਹੋਵੇ | ਸਮਾਗਮ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਾਜ ਸਿੰਘ ਅਤੇ ਕਮੇਟੀ ਨੇ ਟਿਵਾਣਾ, ਕੀਰਤਨ ਕਰਨ ਵਾਲੇ ਬੱਚਿਆਂ, ਪਾਠੀ ਸਿੰਘਾਂ, ਸੇਵਾਦਾਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਮੁੱਖ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਨੇ ਸਰਬਤ ਦੇ ਭਲੇ ਦੀ ਅਰਦਾਸ, ਸਮਾਗਮ ਵਿਚ ਬਲਰਾਜ ਸਿੰਘ ਫ਼ੌਜੀ, ਮਾ. ਬਲਦੇਵ ਸਿੰਘ, ਮਨਜਿੰਦਰ ਸਿੰਘ ਰਾਣਾ ਸੇਖੋਂ, ਸ਼ਮਸ਼ੇਰ ਸਿੰਘ, ਸਾਬਕਾ ਥਾਣੇਦਾਰ ਸਾਹਿਬ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ |