ਅਰਨੋਂ, 1 ਜਨਵਰੀ (ਦਰਸ਼ਨ ਸਿੰਘ ਪਰਮਾਰ)-ਸਥਾਨਕ ਕਸਬੇ ਦੇ ਇਕ ਗਰੀਬ ਪਰਿਵਾਰ ਤੇ ਨਵਾਂ ਸਾਲ ਮੁਸੀਬਤ ਬਣ ਕੇ ਚੜਿ੍ਹਆ | ਇਸ ਸੰਬੰਧ ਵਿਚ ਬਿਕਰਮ ਕੁਮਾਰ (ਬਿੱਕਾ) ਪੁੱਤਰ ਰਾਧੇ ਸ਼ਿਆਮ ਵਾਸੀ ਅਰਨੋਂ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸਵੇਰ ਮੈਂ ਅਤੇ ਮੇਰੇ ਪਰਿਵਾਰਕ ਮੈਂਬਰ ਮਿਹਨਤ ਮਜ਼ਦੂਰੀ ਕਰਨ ਲਈ ਘਰੋਂ ਬਾਹਰ ਗਏ ਹੋਏ ਸੀ ਕਿ ਪਿੱਛੇ ਅਚਾਨਕ ਹੀ ਮੇਰੇ ਘਰ ਨੂੰ ਅੱਗ ਲੱਗ ਗਈ ਜਿਸ ਨੂੰ ਆਸ ਪੜੋਸ ਵਿਚ ਰਹਿਣ ਵਾਲੇ ਲੋਕਾਂ ਵਲੋਂ ਭਾਰੀ ਜਦੋਂ ਜਹਿਦ ਤੋਂ ਬਾਅਦ ਬੁਝਾਇਆ ਗਿਆ | ਅੱਗ ਲੱਗਣ ਦੀ ਸੂਚਨਾ ਬਾਰੇ ਮੈਨੂੰ ਮੇਰੇ ਪੜੋਸੀ ਵਲੋਂ ਸੂਚਿਤ ਕੀਤਾ ਗਿਆ ਅਤੇ ਮੈਂ ਆ ਕੇ ਵੇਖਿਆ ਕਿ ਸਾਡੇ ਘਰ ਵਿਚ ਅੱਗ ਲੱਗ ਜਾਣ ਕਾਰਨ ਘਰ ਵਿਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੱੁਕਾ ਸੀ, ਜਿਸ ਵਿਚ ਮੇਰੇ ਮੋਟਰਸਾਇਕਲ ਦੇ ਨਾਲ ਮੇਰੇ ਕਿਸੇ ਜਾਣ ਪਹਿਚਾਣ ਵਾਲੇ ਵਿਆਕਤੀ ਵਲੋਂ ਖੜ੍ਹਾ ਕੀਤਾ ਹੋਇਆ ਮੋਟਰਸਾਇਕਲ ਅਤੇ ਉਸ ਦੇ ਨਾਲ ਮੇਰਾ ਘਰ ਦਾ ਬਾਕੀ ਹੋਰ ਸਮਾਨ ਵੀ ਪੂਰੀ ਸੜ ਕੇ ਸੁਆਹ ਹੋ ਗਿਆ ਸੀ, ਜਿਸ ਨਾਲ ਸਾਡਾ ਲੱਖਾਂ ਰੁਪਈਆਂ ਦਾ ਨੁਕਸਾਨ ਹੋ ਗਿਆ | ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਗਰੀਬ ਵਿਅਕਤੀ ਦੇ ਪਰਿਵਾਰ ਦੀ ਬਣਦੀ ਮੱਦਦ ਕਰਕੇ ਇਸ ਦੇ ਹੋਏ ਨੁਕਸਾਨ ਦੀ ਭਰਪਾਈ ਕਰਾਈ ਜਾਵੇ ਤਾਂ ਜੋ ਇਸ ਗਰੀਬ ਪਰਿਵਾਰ ਨੂੰ ਕੁਝ ਰਾਹਤ ਮਿਲ ਸਕੇ |