ਸਨੌਰ, 1 ਜਨਵਰੀ (ਸੋਖਲ)-ਪਿੰਡਾਂ ਦੇ ਮਜ਼ਦੂਰਾਂ ਲਈ ਰੋਜ਼ੀ-ਰੋਟੀ ਦਾ ਅਹੰਮ ਸਹਾਰਾ ਬਣੀ ਮਨਰੇਗਾ ਸਕੀਮ ਨੂੰ ਬੰਦ ਕਰਨ ਸੰਬੰਧੀ ਆ ਰਹੀਆਂ ਚਰਚਾਵਾਂ ਨੇ ਪਿੰਡਾਂ 'ਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਇਸ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਮਨਜਿੰਦਰ ਸਿੰਘ ਸੰਧਰ ਨੇ ਕਿਹਾ ਕਿ ਮਨਰੇਗਾ ਵਰਗੀ ਲੋਕ-ਹਿਤੈਸ਼ੀ ਸਕੀਮ ਨੂੰ ਕਮਜ਼ੋਰ ਜਾਂ ਬੰਦ ਕਰਨਾ ਪਿੰਡਾਂ ਦੇ ਗਰੀਬ ਅਤੇ ਮਜ਼ਦੂਰ ਵਰਗ ਨਾਲ ਵੱਡੀ ਨਾਇਨਸਾਫ਼ੀ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਮਨਰੇਗਾ ਸਕੀਮ ਰਾਹੀਂ ਪਿੰਡਾਂ ਦੇ ਹਜ਼ਾਰਾਂ ਪਰਿਵਾਰਾਂ ਨੂੰ ਰੋਜ਼ਗਾਰ ਮਿਲਦਾ ਹੈ ਅਤੇ ਇਹ ਸਕੀਮ ਗਰੀਬੀ ਘਟਾਉਣ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮਹਿੰਗਾਈ ਦੇ ਇਸ ਦੌਰ 'ਚ ਜਦੋਂ ਦਿਹਾੜੀਦਾਰ ਮਜ਼ਦੂਰ ਪਹਿਲਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਅਜਿਹੇ ਸਮੇਂ 'ਚ ਮਨਰੇਗਾ ਵਰਗਾ ਸਹਾਰਾ ਖੋਹ ਲੈਣਾ ਗੰਭੀਰ ਨਤੀਜੇ ਪੈਦਾ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ 'ਚ ਕੰਮ ਦੇ ਮੌਕੇ ਘੱਟ ਹੋ ਰਹੇ ਹਨ ਅਤੇ ਨੌਜਵਾਨ ਮਜ਼ਦੂਰੀ ਲਈ ਸ਼ਹਿਰਾਂ ਵੱਲ ਮਜ਼ਬੂਰ ਹੋ ਰਹੇ ਹਨ | ਮਨਰੇਗਾ ਸਕੀਮ ਬੰਦ ਹੋਣ ਨਾਲ ਪਲਾਇਨ ਹੋਰ ਵਧੇਗਾ, ਜਿਸ ਦਾ ਸਿੱਧਾ ਅਸਰ ਪਿੰਡਾਂ ਦੀ ਆਰਥਿਕਤਾ 'ਤੇ ਪਵੇਗਾ | ਸੰਧਰ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਮਨਰੇਗਾ ਸਕੀਮ ਨੂੰ ਹੋਰ ਮਜ਼ਬੂਤ ਬਣਾਏ ਅਤੇ ਮਜ਼ਦੂਰਾਂ ਨੂੰ ਸਮੇਂ ਸਿਰ ਮਜ਼ਦੂਰੀ ਦੀ ਅਦਾਇਗੀ ਯਕੀਨੀ ਬਣਾਈ ਜਾਵੇ |