ਪਟਿਆਲਾ, 1 ਜਨਵਰੀ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਸਾਲ 2026 ਲਈ ਦਿੱਤੇ ਜਾਣ ਵਾਲੇ 23 ਸਾਲਾਨਾ ਸਰਬੋਤਮ ਪੁਸਤਕ ਪੁਰਸਕਾਰਾਂ ਵਾਸਤੇ ਪੁਸਤਕਾਂ ਦੀ ਮੰਗ ਕੀਤੀ ਗਈ ਹੈ | ਇਹ ਪੁਰਸਕਾਰ 1 ਜਨਵਰੀ 2025 ਤੋਂ 31 ਦਸੰਬਰ 2025 ਤੱਕ ਛਪੀਆਂ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕਿ੍ਤ ਭਾਸ਼ਾਵਾਂ ਦੀਆਂ ਵੱਖ-ਵੱਖ ਵੰਨਗੀਆਂ ਦੀਆਂ ਪੁਸਤਕਾਂ ਲਈ ਪ੍ਰਦਾਨ ਕੀਤੇ ਜਾਣਗੇ | ਇਸ ਸੰਬੰਧੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਭਾਗ ਵਲੋਂ ਵੱਖ-ਵੱਖ ਭਾਸ਼ਾਵਾਂ ਦੀਆਂ ਭਿੰਨ-ਭਿੰਨ ਵੰਨਗੀਆਂ ਲਈ ਕੁੱਲ 23 ਪੁਰਸਕਾਰਾਂ ਵਾਸਤੇ ਪੁਸਤਕਾਂ ਦੀ ਮੰਗ ਕੀਤੀ ਗਈ ਹੈ | ਇਨ੍ਹਾਂ ਅਧੀਨ ਪੰਜਾਬੀ ਦੇ 11 ਸਰਬੋਤਮ ਪੁਸਤਕ ਪੁਰਸਕਾਰ, ਇਕ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ, ਹਿੰਦੀ ਦੇ 6, ਉਰਦੂ ਦੇ 4 ਅਤੇ ਸੰਸਕਿ੍ਤ ਦਾ 1 ਪੁਰਸਕਾਰ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਹਰ ਪੁਰਸਕਾਰ ਲਈ ਚਾਰ-ਚਾਰ ਪ੍ਰਤੀਆਂ ਬਿਨੈ-ਪੱਤਰ (ਪ੍ਰੋਫਾਰਮਾ) ਸਮੇਤ ਦਸਤੀ ਜਾਂ ਡਾਕ ਰਾਹੀਂ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ 31 ਮਾਰਚ 2026 ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ | ਇਹ ਪੁਰਸਕਾਰ ਹਰ ਸਾਲ ਪੰਜਾਬੀ ਮਾਹ ਦੌਰਾਨ ਪ੍ਰਦਾਨ ਕੀਤੇ ਜਾਂਦੇ ਹਨ | ਸਰਬੋਤਮ ਪੁਸਤਕ ਪੁਰਸਕਾਰਾਂ ਤਹਿਤ 31 ਹਜ਼ਾਰ ਰੁਪਏ ਨਕਦ ਰਾਸ਼ੀ, ਪਲੇਕ ਅਤੇ ਦੁਸ਼ਾਲਾ ਪ੍ਰਦਾਨ ਕੀਤਾ ਜਾਂਦਾ ਹੈ, ਜਦਕਿ ਸੁਰਜੀਤ ਪਾਤਰ ਯੁਵਾ ਪੁਰਸਕਾਰ ਅਧੀਨ ਇਕ ਲੱਖ ਰੁਪਏ ਨਕਦ, ਪਲੇਕ ਅਤੇ ਦੁਸ਼ਾਲਾ ਦਿੱਤਾ ਜਾਂਦਾ ਹੈ | ਸਰਬੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਅਧੀਨ ਭਾਈ ਵੀਰ ਸਿੰਘ (ਜੀਵਨੀ/ਸਵੈ-ਜੀਵਨੀ), ਨਾਨਕ ਸਿੰਘ (ਨਾਵਲ), ਪਿ੍ੰਸ ਸੁਜਾਨ ਸਿੰਘ (ਕਹਾਣੀ), ਗੁਰਬਖ਼ਸ਼ ਸਿੰਘ ਪ੍ਰੀਤਲੜੀ (ਨਿਬੰਧ/ਵਿਅੰਗ), ਗਿਆਨੀ ਗੁਰਮੁਖ ਸਿੰਘ ਮੁਸਾਫ਼ਰ (ਕਵਿਤਾ), ਈਸ਼ਵਰ ਚੰਦਰ ਨੰਦਾ (ਨਾਟਕ), ਪ੍ਰੋ. ਗੁਰਦਿਆਲ ਸਿੰਘ (ਅਨੁਵਾਦ), ਐੱਮ.ਐੱਸ. ਰੰਧਾਵਾ (ਗਿਆਨ ਸਾਹਿਤ), ਸ੍ਰੀ ਗੁਰੂ ਹਰਿਕਿ੍ਸ਼ਨ (ਬਾਲ ਸਾਹਿਤ), ਡਾ. ਅਤਰ ਸਿੰਘ (ਆਲੋਚਨਾ) ਅਤੇ ਭਾਈ ਕਾਨ੍ਹ ਸਿੰਘ ਨਾਭਾ (ਕੋਸ਼ਕਾਰੀ/ਭਾਸ਼ਾ ਵਿਗਿਆਨ) ਪੁਰਸਕਾਰ ਸ਼ਾਮਲ ਹਨ | ਇਸ ਤੋਂ ਇਲਾਵਾ ਹਿੰਦੀ, ਉਰਦੂ ਅਤੇ ਸੰਸਕਿ੍ਤ ਭਾਸ਼ਾਵਾਂ ਲਈ ਵੀ ਵੱਖ-ਵੱਖ ਸਰਬੋਤਮ ਪੁਸਤਕ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ | ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ 25 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਦੀ ਪੰਜਾਬੀ ਪੁਸਤਕ ਲਈ ਦਿੱਤਾ ਜਾਵੇਗਾ |