ਭੁੱਨਰਹੇੜੀ, 1 ਜਨਵਰੀ (ਧਨਵੰਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵਲੋਂ ਵੱਖ-ਵੱਖ ਪਿੰਡਾਂ ਵਿਚ ਢੋਲ ਮਾਰਚ ਕੱਢੇ ਗਏ | ਸ਼ਾਦੀਪੁਰ ਤੋਂ ਸ਼ੁਰੂ ਹੋਇਆ ਇਹ ਮਾਰਚ ਪਰੋੜ, ਉਪਲੀ, ਹੁਸੈਨਪੁਰ, ਸਲੇਮਪੁਰ ਪੰਡਤਾਂ, ਸਲੇਮਪੁਰ ਜੱਟਾਂ, ਠਾਕਰਗੜ੍ਹ, ਅਲੀਵਾਲ ਤੋਂ ਬਾਅਦ ਭੁੱਨਰਹੇੜੀ ਸਮਾਪਤ ਹੋਇਆ | ਕਿਸਾਨ ਜਥੇਬੰਦੀ ਵਲੋਂ ਢੋਲ ਮਾਰਚ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਤੇ ਐਸ.ਕੇ.ਐਮ. ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਨੇ ਦੱਸਿਆ ਕਿ ਲੋਕ ਸੰਪਰਕ ਮੁਹਿੰਮ ਚਲਾਈ ਗਈ ਹੈ | ਹਰ ਵਰਗ ਨੂੰ ਨਾਲ ਲੈ ਕੇ ਸੰਘਰਸ਼ ਚਲਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਅਵਾਜ਼ ਉਠਾਈ ਜਾਵੇਗੀ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਜਲੀ ਬਿੱਲਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ |