ਪਾਤੜਾਂ, 2 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਦੀ ਹਾਕਮ ਧਿਰ ਨੂੰ ਸੰਬੋਧਿਤ ਹੁੰਦਿਆਂ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਸ਼ੁਤਰਾਣਾ ਦੇ ਮੁੱਖ ਸੇਵਾਦਾਰ ਕਰਨ ਸਿੰਘ ਨੇ ਕਿਹਾ ਹੈ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਫ਼ਾਇਦਾ ਲੈਣ ਲਈ ਪਾਤੜਾਂ ਸ਼ਹਿਰ ਦੇ ਵਾਰਡਾਂ ਵਿਚ ਵੋਟਰਾਂ ਨੂੰ ਇਕ ਵਾਰਡ ਵਿਚੋਂ ਕੱਢ ਕੇ ਦੂਜੇ ਵਾਰਡਾਂ ਵਿਚ ਪਾ ਕੇ ਕੀਤੀ ਜਾ ਰਹੀ ਭੰਨ ਤੋੜ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਿਚ ਭਾਰੀ ਵਾਧਾ ਹੋਵੇਗਾ ਅਤੇ ਇਸ ਤਰੀਕੇ ਨਾਲ ਕੀਤੀ ਜਾਣ ਵਾਲੀ ਵਾਰਡਬੰਦੀ ਨੂੰ ਲੈ ਕੇ ਉਨ੍ਹਾਂ ਨੇ ਸਤਾ ਧਿਰ 'ਤੇ ਕਈ ਸਵਾਲੀਆ ਨਿਸ਼ਾਨ ਲਾਉਂਦਿਆਂ ਇਸ ਦਾ ਸਖਤ ਵਿਰੋਧ ਕੀਤਾ ਹੈ | ਪ੍ਰੈੱਸ ਨੂੰ ਜਾਰੀ ਬਿਆਨ ਵਿਚ ਕਰਨ ਸਿੰਘ ਸਾਬਕਾ ਡੀ.ਟੀ.ਓ. ਨੇ ਕਿਹਾ ਹੈ ਕਿ ਜੇਕਰ ਪਾਤੜਾਂ ਸ਼ਹਿਰ ਦੀ ਹੱਦਬੰਦੀ ਨੂੰ ਵਧਾਇਆ ਨਹੀਂ ਗਿਆ ਤਾਂ ਫਿਰ ਪਾਤੜਾਂ ਸ਼ਹਿਰ ਦੀ ਵਾਰਡਾਂ ਦੀ ਭੰਨ ਤੋੜ ਕਰਦਿਆਂ ਇਕ ਵਾਰਡ 'ਚੋਂ ਦੂਜੇ ਵਾਰਡ ਵੋਟਾਂ ਨੂੰ ਪਾ ਕੇ ਕੀਤੀ ਜਾ ਰਹੀ ਭੰਨ ਤੋੜ ਨਾਲ ਲੋਕਾਂ ਦੇ ਅਧਾਰ ਕਾਰਡ ਅਤੇ ਪਾਸਪੋਰਟ ਅਤੇ ਦਸਤਾਵੇਜ਼ਾਂ ਤੇ ਉਨ੍ਹਾਂ ਦੀ ਰਹਾਇਸ਼ ਹੋਣ ਦੇ ਸਾਰੇ ਬਦਲਣ ਨਾਲ ਉਨ੍ਹਾਂ ਨੂੰ ਸਰਕਾਰੀ ਜਾਂ ਗੈਰ-ਸਰਕਾਰੀ ਪੱਤਰ ਹਾਸਲ ਨਹੀ ਹੋ ਸਕੇਗਾ ਅਤੇ ਆਪਣੇ ਦਸਤਾਵੇਜ਼ ਨੂੰ ਨਵੀ ਵਾਰਡਬੰਦੀ ਮੁਤਾਬਿਕ ਕਰਵਾਉਣ ਲਈ ਸੁਵਿਧਾ ਕੇਂਦਰਾਂ ਵਿਚ ਫ਼ੀਸਾਂ ਭਰਨੀਆਂ ਪੈਣਗੀਆਂ ਅਤੇ ਦਫ਼ਤਰਾਂ ਦੇ ਚੱਕਰ ਲਾਉਣੇ ਪੈਣਗੇ | ਕਰਨ ਸਿੰਘ ਨੇ ਕਿਹਾ ਕਿ ਪਾਤੜਾਂ ਸ਼ਹਿਰ ਦੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਸਭ ਤੋਂ ਵੱਧ ਵੋਟਾਂ ਪਾਈਆਂ ਉਨ੍ਹਾਂ 'ਤੇ ਹੁਣ ਵਿਸ਼ਵਾਸ ਕਿਉਂ ਨਹੀਂ ਕਰ ਰਹੇ ਅਤੇ ਉਨ੍ਹਾਂ ਦੀ ਨਵੀਂ ਵਾਰਡਬੰਦੀ ਕਰਕੇ ਮੁਸ਼ਕਿਲ 'ਚੋਂ ਵਾਧਾ ਕਿਉ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਵਾਰਡਾਂ ਦੀ ਭੰਨ ਤੋੜ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਅਤੇ ਇਸ ਮਾਮਲੇ ਨੂੰ ਉੱਚ ਅਦਾਲਤ ਹਾਈ ਕੋਰਟ ਵਿਚ ਲਿਜਾਇਆ ਜਾਵੇਗਾ |