ਸਨੌਰ, 3 ਜਨਵਰੀ (ਸੋਖਲ)-ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬੀਤੇ ਦਿਨੀਂ ਇਹ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ 70 ਟਿਕਟਾਂ ਨਵੇਂ, ਸਾਫ਼-ਸੁਥਰੇ ਅਤੇ ਜ਼ਮੀਨੀ ਪੱਧਰ 'ਤੇ ਸਰਗਰਮ ਚਿਹਰਿਆਂ ਨੂੰ ਦਿੱਤੀਆਂ ਜਾਣਗੀਆਂ | ਰਾਜਾ ਵੜਿੰਗ ਦੇ ਇਸ ਫ਼ੈਸਲੇ ਦੀ ਹਲਕਾ ਸਨੌਰ ਵਿਚ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ | ਇਸੇ ਸੰਦਰਭ ਵਿਚ ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆ ਵਲੋਂ ਸਨੌਰ ਵਿਚ ਇਕ ਮਹੱਤਵਪੂਰਨ ਬੈਠਕ ਕੀਤੀ ਗਈ | ਬੈਠਕ ਵਿਚ ਕਾਂਗਰਸ ਪਾਰਟੀ ਦੇ ਬਲਾਕ ਪੱਧਰੀ ਆਗੂ, ਯੂਥ ਕਾਂਗਰਸ, ਮਹਿਲਾ ਕਾਂਗਰਸ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਰਹੇ | ਨਿਰਮਲ ਸਿੰਘ ਭੱਟੀਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 2027 ਦੀਆਂ ਚੋਣਾਂ ਵਿੱਚ 70 ਟਿਕਟਾਂ ਨਵੇਂ ਚਿਹਰਿਆਂ ਨੂੰ ਦੇਣ ਦਾ ਐਲਾਨ ਕਾਂਗਰਸ ਪਾਰਟੀ ਵਿਚ ਨਵੀਂ ਊਰਜਾ ਭਰਨ ਵਾਲਾ ਹੈ | ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ 'ਤੇ ਮਿਹਨਤ ਕਰ ਰਹੇ ਵਰਕਰ ਹੁਣ ਆਪਣੇ ਆਪ ਨੂੰ ਅਣਡਿੱਠਾ ਮਹਿਸੂਸ ਨਹੀਂ ਕਰਨਗੇ | ਭੱਟੀਆ ਨੇ ਦਾਅਵਾ ਕੀਤਾ ਕਿ ਨਵੇਂ ਅਤੇ ਇਮਾਨਦਾਰ ਚਿਹਰਿਆਂ ਨੂੰ ਅੱਗੇ ਲਿਆਉਣ ਨਾਲ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ | ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਪਰਿਵਾਰਵਾਦ ਅਤੇ ਗੁੱਟਬਾਜ਼ੀ ਤੋਂ ਉੱਪਰ ਉੱਠ ਕੇ ਸੱਚੀ ਮਿਹਨਤ ਕਰਨ ਵਾਲਿਆਂ ਨੂੰ ਮੌਕਾ ਦੇ ਰਹੀ ਹੈ, ਜੋ ਖ਼ਾਸ ਕਰਕੇ ਨੌਜਵਾਨਾਂ ਲਈ ਪੇ੍ਰਰਨਾ ਸਾਬਤ ਹੋਵੇਗਾ | ਬੈਠਕ ਦੌਰਾਨ ਵਰਕਰਾਂ ਨੇ ਇਕਸੁਰ ਵਿਚ ਕਿਹਾ ਕਿ ਜੇਕਰ ਨਵੇਂ ਚਿਹਰਿਆਂ ਨੂੰ ਟਿਕਟਾਂ ਮਿਲਦੀਆਂ ਹਨ ਤਾਂ ਆਮ ਲੋਕਾਂ ਦਾ ਭਰੋਸਾ ਮੁੜ ਕਾਂਗਰਸ ਪਾਰਟੀ 'ਤੇ ਬਣੇਗਾ | ਉਨ੍ਹਾਂ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ ਕਾਂਗਰਸ ਦਾ ਇਹ ਕਦਮ ਉਸੇ ਦਿਸ਼ਾ ਵੱਲ ਵਧਦਾ ਹੋਇਆ ਦਿਸ ਰਿਹਾ ਹੈ | ਨਿਰਮਲ ਸਿੰਘ ਭੱਟੀਆ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪਾਰਟੀ ਦੀ ਨੀਤੀ, ਪ੍ਰੋਗਰਾਮਾਂ ਅਤੇ ਨਵੇਂ ਚਿਹਰਿਆਂ ਦੇ ਸੁਨੇਹੇ ਨੂੰ ਘਰ-ਘਰ ਤੱਕ ਪਹੁੰਚਾਉਣ, ਤਾਂ ਜੋ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਮੈਦਾਨ ਵਿਚ ਉਤਰ ਸਕੇ | ਇਸ ਮੌਕੇ ਸਰਵਣ ਸਿੰਘ ਸਾਬਕਾ ਚੇਅਰਮੈਨ, ਤੀਰਥ ਸਿੰਘ ਸਰਪੰਚ, ਕੁਲਦੀਪ ਸਿੰਘ ਕਾਲਾ ਸਾਬਕਾ ਐੱਮ.ਸੀ. ਸਨੌਰ, ਰਾਮ ਵਾਲੀਆਂ, ਗੁਰਮੀਤ ਬਾਵਾ ਸਮੇਤ ਹੋਰ ਆਗੂ ਅਤੇ ਵਰਕਰ ਮੌਜੂਦ ਸਨ |