15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸਮਾਣਾ ਪੁਲਿਸ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਡੀ ਕਾਰਵਾਈ

Ad Position 21
No active advertisement
ਅਜੀਤ ਡੈਸਕ 05-01-2026
ਸਮਾਣਾ, 4 ਜਨਵਰੀ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਵਲੋਂ ਆਰੰਭੀ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅੱਜ ਸਮਾਣਾ ਦੇ ਪਿੰਡ ਮੁਰਾਦਪੁਰ ਵਿਖੇ ਦੋ ਨਸ਼ਾ ਤਸਕਰਾਂ ਵਲੋਂ ਨਸ਼ਿਆਂ ਦੀ ਕਥਿਤ ਕਾਲੀ ਕਮਾਈ ਨਾਲ ਪਿੰਡ ਦੀ ਪੰਚਾਇਤੀ ਜ਼ਮੀਨ ਉੱਪਰ ਕੀਤੀ ਗਈ ਨਜਾਇਜ਼ ਉਸਾਰੀ ਨੂੰ ਸਖ਼ਤ ਪੁਲਿਸ ਸੁਰੱਖਿਆ ਦੀ ਛੱਤਰੀ ਹੇਠ ਢਾਹ ਦਿੱਤਾ ਗਿਆ ਹੈ | ਇਸ ਕਾਰਵਾਈ ਦੌਰਾਨ ਪੁਲਿਸ ਉਪ-ਕਪਤਾਨ ਸਮਾਣਾ ਫ਼ਤਹਿ ਸਿੰਘ ਬਰਾੜ, ਬਲਾਕ ਵਿਕਾਸ ਅਫ਼ਸਰ ਗੁਰਮੀਤ ਸਿੰਘ, ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ, ਥਾਣਾ ਸਦਰ ਕੁਮਾਰ ਦੇ ਮੁਖੀ ਅਜੇ ਕੁਮਾਰ ਪਰੋਚਾ, ਥਾਣਾ ਸ਼ਹਿਰੀ ਦੇ ਮੁਖੀ ਬਲਜੀਤ ਸਿੰਘ, ਪੰਚਾਇਤ ਅਫ਼ਸਰ ਜਤਿੰਦਰ ਸਿੰਘ, ਸਕੱਤਰ ਸਤਨਾਮ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ | ਜੇ.ਸੀ.ਬੀ. ਮਸ਼ੀਨ ਨਾਲ ਨਜਾਇਜ਼ ਉਸਾਰੀ ਢਾਹੇ ਜਾਣ ਸਮੇਂ ਪੁਲਿਸ ਸੁਰੱਖਿਆ ਦੀ ਅਗਵਾਈ ਕਰਦਿਆਂ ਪੁਲਿਸ ਕਪਤਾਨ (ਸਥਾਨਕ) ਵੈਭਵ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਸੂਬਾ ਪੁਲਿਸ ਮੁਖੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪੰਜਾਬ ਪੁਲਿਸ ਵਲੋਂ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ ਤੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਅਜਿਹੇ ਨਸ਼ਾ ਤਸਕਰਾਂ ਵਲੋਂ ਨਸ਼ੇ ਵੇਚ ਕੇ ਬਣਾਈ ਕਾਲੀ ਕਮਾਈ ਨਾਲ ਕੀਤੀਆਂ ਗਈਆਂ ਨਜਾਇਜ਼ ਉਸਾਰੀਆਂ ੳੱੁਪਰ ਲਗਾਤਾਰ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ | ਪੁਲਿਸ ਕਪਤਾਨ ਵੈਭਵ ਚੌਧਰੀ ਨੇ ਦੱਸਿਆ ਕਿ ਪਿੰਡ ਮੁਰਾਦਪੁਰ ਦੇ ਜਿਹੜੇ ਨਸ਼ਾ ਤਸਕਰਾਂ ਦੀ ਨਜਾਇਜ਼ ਉਸਾਰੀ ਢਾਹੁਣ ਲਈ ਸੰਬੰਧਿਤ ਵਿਭਾਗ ਵਲੋਂ ਕੀਤੀ ਕਾਰਵਾਈ ਦੌਰਾਨ ਪੁਲਿਸ ਨੇ ਸੁਰੱਖਿਆ ਪ੍ਰਦਾਨ ਕੀਤੀ ਹੈ, ਉਨ੍ਹਾਂ ਵਿਰੁੱਧ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ | ਉਨ੍ਹਾਂ ਨੇ ਦੱਸਿਆ ਕਿ ਤਰਸੇਮ ਸਿੰਘ ਉਰਫ਼ ਟੁੰਡਾ ਪੁੱਤਰ ਗੁਰਦੇਵ ਸਿੰਘ ਵਿਰੁੱਧ 8 ਕੇਸ ਦਰਜ ਹਨ | ਬਲਬੀਰ ਸਿੰਘ ਉਰਫ਼ ਮਾਹੀ, ਕਾਲਾ ਪੁੱਤਰ ਮਹਿੰਦਰ ਸਿੰਘ ਵਿਰੁੱਧ 4 ਕੇਸ ਦਰਜ ਹਨ ਅਤੇ ਇਨ੍ਹਾਂ ਨੇ ਪੰਚਾਇਤੀ ਜ਼ਮੀਨ ਉੱਪਰ ਨਜਾਇਜ਼ ਉਸਾਰੀ ਕੀਤੀ ਹੋਈ ਸੀ, ਜਿਸ ਨੂੰ ਢਾਹੁਣ ਲਈ ਸੰਬੰਧਿਤ ਵਿਭਾਗ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ | ਪੁਲਿਸ ਕਪਤਾਨ ਵੈਭਵ ਚੌਧਰੀ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਸ਼ੇ ਵੇਚਣ ਦੇ ਕਾਲੇ ਕਾਰੋਬਾਰ ਛੱਡ ਦੇਣ ਨਹੀਂ ਤਾਂ ਅਜਿਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਪੰਚਾਇਤਾਂ ਤੇ ਹੋਰ ਮੁਹਤਬਰ ਵਿਅਕਤੀਆਂ ਨੂੰ ਵੀ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਦੀ ਜ਼ਮਾਨਤ ਨਾ ਕਰਵਾਈ ਜਾਵੇ | ਦੂਜੇ ਪਾਸੇ ਪ੍ਰਸ਼ਾਸਨ ਦੀ ਕਾਰਵਾਈ ਅਧੀਨ ਆਏ ਤਰਸੇਮ ਸਿੰਘ ਉਰਫ਼ ਟੁੰਡਾ ਦੀ ਲੜਕੀ ਪਰਮਜੀਤ ਕੌਰ ਨੇ ਸਵਾਲ ਕੀਤਾ ਕਿ ਸਾਰਾ ਪਿੰਡ ਨਸ਼ੇ ਵੇਚਦਾ ਹੈ ਤਾਂ ਫਿਰ ਕਾਰਵਾਈ ਸਿਰਫ਼ ਉਨ੍ਹਾਂ ਵਿਰੁੱਧ ਹੀ ਕਿਉਂ ਕੀਤੀ ਹੈ? ਉਸ ਨੇ ਇਹ ਵੀ ਦਾਅਵਾ ਕੀਤਾ ਕਿ ਪਿੰਡ ਵਿਚ ਕੋਈ ਵੀ ਨਸ਼ਾ ਤਸਕਰੀ ਤੋਂ ਵਾਂਝਾ ਨਹੀਂ ਹੈ ਅਤੇ ਉਹ ਮਿਹਨਤ ਮਜ਼ਦੂਰੀ ਨਹੀਂ ਕਰਦੇ | ਇਸ ਮੌਕੇ ਸਹਾਇਕ ਥਾਣੇਦਾਰ ਦਰਬਾਰਾ ਸਿੰਘ, ਗੁਰਬਖ਼ਸ਼ ਸਿੰਘ ਅਤੇ ਤਹਿਸੀਲਦਾਰ ਦੇ ਰੀਡਰ ਜਸਬੀਰ ਸਿੰਘ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੜ੍ਹੀਆਂ 'ਚੋਂ ਅਸਥੀਆਂ ਚੋਰੀ, ਪੀੜਤਾਂ ਨੇ ਸ਼ਮਸ਼ਾਨਘਾਟ ਪ੍ਰਸ਼ਾਸਨ 'ਤੇ ਲਗਾਏ ਦੋਸ਼ ਅਗਲੀ ਖ਼ਬਰ ਕਾਂਗਰਸੀ ਆਗੂਆਂ ਨੇ ਕੀਤਾ ਨਵੇਂ ਮਨਰੇਗਾ ਕਾਨੂੰਨਾਂ ਦਾ ਵਿਰੋਧ
Ad Position 24