ਪਟਿਆਲਾ, 4 ਜਨਵਰੀ (ਮਨਦੀਪ ਸਿੰਘ ਖਰੌੜ)-ਸਥਾਨਕ ਬੀਰ ਜੀ ਦੀਆਂ ਮੜ੍ਹੀਆਂ 'ਚੋਂ ਸਸਕਾਰ ਕੀਤੇ ਇਕ ਵਿਅਕਤੀ ਦੀਆਂ ਅਸਥੀਆਂ (ਫੁਲ) ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਮਿ੍ਤਕ ਦੇ ਪੁੱਤਰ ਸੁਨੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅੱਜ ਉਨ੍ਹਾਂ ਦੇ ਪਿਤਾ ਦੇ ਫੁਲ ਚੁੱਕਣ ਆਏ ਸੀ, ਜਦੋਂ ਉਨ੍ਹਾਂ ਦੇਖਿਆ ਤਾਂ ਅੱਧੇ ਤੋਂ ਵੱਧ ਪਿਤਾ ਦੀਆਂ ਅਸਥੀਆਂ ਗ਼ਾਇਬ ਸੀ | ਇਸੇ ਤਰ੍ਹਾਂ ਉਨ੍ਹਾਂ ਦੇ ਨਾਲ ਕੋਈ ਫੁਲ ਚੁੱਕਣ ਆਇਆ ਤਾਂ ਉੱਥੇ ਵੀ ਖੋਪੜੀ ਨਾ ਮਿਲਣ ਸੰਬੰਧੀ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ | ਜਦੋਂ ਇਸ ਸੰਬੰਧੀ ਸ਼ਮਸ਼ਾਨਘਾਟ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੁੱਝ ਵੀ ਪਤਾ ਨਹੀਂ | ਸੁਨੀਲ ਨੇ ਕਿਹਾ ਜੇ ਮੜ੍ਹੀਆਂ ਦੇ ਇੰਚਾਰਜ ਨੂੰ ਇਸ ਬਾਰੇ ਕੁਝ ਨਹੀਂ ਪਤਾ ਤਾਂ ਮੜ੍ਹੀਆਂ ਦੇ ਇੰਚਾਰਜ ਹੋਣ ਦਾ ਕੀ ਮਤਲਬ ਹੈ? ਸੁਨੀਲ ਕੁਮਾਰ ਨੇ ਦੋਸ਼ ਲਗਾਇਆ ਕਿ ਸ਼ਮਸ਼ਾਨਘਾਟ 'ਚ ਪਿਛਲੇ ਕਈ ਦਿਨਾਂ ਤੋਂ ਰਾਤੀ 12 ਵਜੇ ਤੋਂ ਕੋਈ ਆ ਰਿਹਾ ਹੈ ਇਹ ਕੰਮ ਕਿਸੇ ਤਾਂਤਰਿਕ ਦਾ ਜਾਪਦਾ ਹੈ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਉੱਥੇ ਪਹੁੰਚ ਕੇ ਜਾਇਜ਼ਾ ਲਿਆ | ਇਸ ਸੰਬੰਧੀ ਡੀ.ਐੱਸ.ਪੀ. ਸਿਟੀ-1 ਸਤਨਾਮ ਸਿੰਘ ਸੰਘਾ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਪੜਤਾਲ ਕਰਨ ਦੇ ਨਾਲ ਸ਼ਮਸ਼ਾਨਘਾਟ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਸਵੀਰਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਕੇਸ ਬਾਰੇ ਹੋਰ ਕੁਝ ਦੱਸਿਆ ਜਾ ਸਕਦਾ ਹੈ |