ਸਮਾਣਾ, 6 ਜਨਵਰੀ (ਹਰਵਿੰਦਰ ਸਿੰਘ ਟੋਨੀ)-ਬੈਂਕ 'ਚੋਂ 2.50 ਲੱਖ ਰੁਪਏ ਦੀ ਨਗਦੀ ਕਢਵਾ ਕੇ ਜਾ ਰਹੇ ਇਕ ਕਿਸਾਨ ਨੂੰ ਨਸ਼ੀਲਾ ਜੂਸ ਪਿਲਾ ਕੇ ਉਸ ਦੀ ਰਕਮ ਉਡਾ ਲੈਣ ਦੇ ਮਾਮਲੇ 'ਚ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਮਾਮਲੇ ਦੇ ਜਾਂਚ ਅਧਿਕਾਰੀ ਹਵਾਲਦਾਰ ਸੋਮਨਾਥ ਨੇ ਦੱਸਿਆ ਕਿ ਲਖਵਿੰਦਰ ਸਿੰਘ ਨਿਵਾਸੀ ਪਿੰਡ ਬਿਸ਼ਨਪੁਰਾ ਵਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਅਗਰਸੈਨ ਚੌਕ 'ਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਖੇਤੀਬਾੜੀ ਸ਼ਾਖਾ 'ਚੋਂ ਪੈਸੇ ਕਢਵਾਉਣ ਗਿਆ ਸੀ | ਬੈਂਕ ਵਿਚ ਭੀੜ ਜ਼ਿਆਦਾ ਹੋਣ ਕਾਰਨ ਉੱਥੇ ਮਿਲੇ ਦੋ ਅਣਪਛਾਤੇ ਵਿਅਕਤੀ ਉਸ ਨਾਲ ਗੱਲਬਾਤ ਕਰਨ ਲੱਗ ਪਏ | ਜਦੋਂ ਉਹ ਪੈਸੇ ਕਢਵਾ ਕੇ ਬਾਹਰ ਆਇਆ ਤਾਂ ਉਹ ਦੋਵੇਂ ਨੌਜਵਾਨ ਵੀ ਉਸ ਦੇ ਪਿੱਛੇ ਆ ਗਏ ਅਤੇ ਗੱਲਾਂ ਕਰਦੇ ਹੋਏ ਉਸ ਨੂੰ ਸਾਹਮਣੇ ਖੜ੍ਹੀ ਰੇਹੜੀ 'ਤੇ ਜੂਸ ਪਿਆਉਣ ਲੈ ਗਏ | ਜੂਸ ਪੀਣ ਤੋਂ ਬਾਅਦ ਜਦੋਂ ਉਸ ਨੂੰ ਨਸ਼ਾ ਮਹਿਸੂਸ ਹੋਣ ਲੱਗਾ ਤਾਂ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਵੱਲ ਚੱਲ ਪਿਆ ਪਰ ਘੱਗਾ ਸੜਕ ਸਮਾਣਾ 'ਤੇ ਹੀ ਬੇਹੋਸ਼ ਹੋ ਕੇ ਡਿਗ ਗਿਆ | ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ | ਜਦੋਂ ਉਸ ਦੇ ਲੜਕੇ ਨੇ ਮੋਟਰਸਾਈਕਲ 'ਤੇ ਟੰਗੇ ਪੈਸਿਆਂ ਵਾਲੇ ਬੈਗ ਦੀ ਪੜਤਾਲ ਕੀਤੀ ਤਾਂ ਉਸ ਵਿਚੋਂ ਪੈਸਿਆਂ ਦੀ ਥਾਂ ਸਿਰਫ਼ ਅਖ਼ਬਾਰਾਂ ਦੇ ਟੁਕੜਿਆਂ ਦੇ ਬੰਡਲ ਹੀ ਮਿਲੇ | ਜਾਂਚ ਅਧਿਕਾਰੀ ਅਨੁਸਾਰ ਸ਼ਿਕਾਇਤ ਦੇ ਆਧਾਰ 'ਤੇ ਸੀ.ਆਈ.ਏ ਸਟਾਫ਼ ਸਮੇਤ ਥਾਣਾ ਸ਼ਹਿਰੀ ਦੀ ਪੁਲਿਸ ਦੀ ਟੀਮ ਸੀ.ਸੀ.ਟੀ.ਵੀ ਫੁਟੇਜ ਖੰਘਾਲਨ ਅਤੇ ਅਗਲੇਰੀ ਕਾਰਵਾਈ ਵਿਚ ਜੁੱਟ ਗਈ ਹੈ |