ਪਟਿਆਲਾ, 6 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਹਲਕਾ ਸਨੌਰ ਦੇ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਦੇ ਅਫ਼ਸਰ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਬਲਿਹਾਰ ਸਿੰਘ ਸ਼ਮਸ਼ਪੁਰ ਵਲੋਂ ਇਕ ਨਵੀਂ ਸਿੱਖਿਆਤਮਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੁਹਿੰਮ ਤਹਿਤੇ ਉਹ ਹਲਕਾ ਸਨੌਰ ਦੇ ਉਨ੍ਹਾਂ ਵਿਦਿਆਰਥੀਆਂ ਦੀ ਤਿਆਰੀ ਮੁਫ਼ਤ ਕਰਵਾਉਣਗੇ ਜੋ ਆਈ.ਏ.ਐੱਸ., ਆਈ.ਪੀ.ਐੱਸ., ਪੀ.ਸੀ.ਐੱਸ. ਜਾਂ ਪੰਜਾਬ ਸਰਕਾਰ ਦੀਆਂ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨਾ ਚਾਹੁੰਦੇ ਹਨ | ਬਲਿਹਾਰ ਸਿੰਘ ਸ਼ਮਸ਼ਪੁਰ ਨੇ ਕਿਹਾ ਕਿ ਸਨੌਰ ਹਲਕਾ ਵਿੱਦਿਅਕ ਖੇਤਰ 'ਚ ਅਜੇ ਵੀ ਪਿੱਛੇ ਹੈ ਅਤੇ ਇਸ ਦੀ ਇਕ ਵੱਡੀ ਵਜ੍ਹਾ ਲੋੜਵੰਦ ਵਿਦਿਆਰਥੀਆਂ ਕੋਲ ਵਸੀਲਿਆਂ ਦੀ ਕਮੀ ਹੈ | ਉਨ੍ਹਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਪੈਸਿਆਂ ਦੀ ਘਾਟ ਕਿਸੇ ਵੀ ਯੋਗ ਵਿਦਿਆਰਥੀ ਦੇ ਰਾਹ 'ਚ ਰੁਕਾਵਟ ਨਾ ਬਣੇ | ਇਸ ਲਈ ਸਨੌਰ ਹਲਕੇ ਦੇ ਵਧੀਆ ਇੰਸਟੀਚਿਊਟਾਂ 'ਚ ਵਿਦਿਆਰਥੀਆਂ ਦੀ ਤਿਆਰੀ ਬਿਲਕੁਲ ਮੁਫ਼ਤ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਜਦੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਬੱਚੇ ਵੱਡੀ ਗਿਣਤੀ 'ਚ ਇਨ੍ਹਾਂ ਪ੍ਰੀਖਿਆਵਾਂ ਨੂੰ ਕਲੀਅਰ ਕਰ ਸਕਦੇ ਹਨ ਤਾਂ ਪੰਜਾਬ, ਖ਼ਾਸ ਕਰਕੇ ਸਨੌਰ ਦੇ ਬੱਚੇ ਕਿਉਂ ਪਿੱਛੇ ਰਹਿਣ | ਉਨ੍ਹਾਂ ਦੀ ਦਿਲੀ ਤਮੰਨਾ ਹੈ ਕਿ ਆਉਣ ਵਾਲੇ ਸਮੇਂ 'ਚ ਸਨੌਰ ਹਲਕੇ ਤੋਂ ਵੱਧ ਤੋਂ ਵੱਧ ਆਈ.ਏ.ਐੱਸ., ਆਈ.ਪੀ.ਐੱਸ., ਪੀ.ਸੀ.ਐੱਸ. ਅਤੇ ਪੰਜਾਬ ਸਰਕਾਰ ਦੇ ਅਫ਼ਸਰ ਨਿਕਲਣ | ਬਲਿਹਾਰ ਸਿੰਘ ਸ਼ਮਸ਼ਪੁਰ ਨੇ ਸਨੌਰ ਹਲਕੇ ਦੇ ਵਿਦਿਆਰਥੀਆਂ, ਮਾਪਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਇਕੱਠੇ ਹੋ ਕੇ ਅੱਗੇ ਆਉਣ | ਉਨ੍ਹਾਂ ਕਿਹਾ ਕਿ ਸਨੌਰ ਦੀ ਬਿਹਤਰੀ ਲਈ ਹਰ ਕਦਮ ਚੁੱਕਣ ਲਈ ਉਹ ਹਮੇਸ਼ਾ ਤਿਆਰ ਹਨ ਅਤੇ ਇਹ ਮੁਹਿੰਮ ਸਿਰਫ਼ ਸਿੱਖਿਆ ਹੀ ਨਹੀਂ, ਸਨੌਰ ਦੇ ਭਵਿੱਖ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਹੈ | ਉਨ੍ਹਾਂ ਅਪੀਲ ਕੀਤੀ ਕਿ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਵਿਦਿਆਰਥੀ ਇਸ ਮੌਕੇ ਤੋਂ ਵਾਂਝਾ ਨਾ ਰਹੇ ਅਤੇ ਹਲਕਾ ਸਨੌਰ ਦਾ ਨਾਮ ਸਾਰੇ ਪੰਜਾਬ 'ਚ ਰੌਸ਼ਨ ਹੋ ਸਕੇ |