ਨਾਭਾ, 6 ਜਨਵਰੀ (ਜਗਨਾਰ ਸਿੰਘ ਦੁਲੱਦੀ)-ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨਾਭਾ ਵਲੋਂ ਹੰਗਾਮੀ ਮੀਟਿੰਗ ਪ੍ਰਧਾਨ ਸੰਤ ਰਾਮ ਦੀ ਅਗਵਾਈ 'ਚ ਸੱਦੀ ਗਈ, ਜਿਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਵਲੋਂ ਕਲੈਕਟਰ ਰੇਟਾਂ ਅਤੇ ਐੱਨ.ਓ.ਸੀ. 'ਚ ਕੀਤੇ ਵਾਧੇ ਦਾ ਵਿਰੋਧ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਗਈ | ਉਪਰੰਤ ਪ੍ਰਧਾਨ ਸੰਤ ਰਾਮ ਨੇ ਕਿਹਾ ਕਿ ਪਹਿਲਾਂ ਹੀ ਇਸ ਕਿਤੇ ਨਾਲ ਸੰਬੰਧਿਤ ਲੋਕ ਮੰਦੇ ਦੀ ਮਾਰ ਝੱਲ ਰਹੇ ਹਨ ਅਤੇ ਅਜਿਹਾ ਹੋਣ ਨਾਲ ਲੋਕਾਂ ਦੀ ਜੇਬ 'ਤੇ ਹੋਰ ਬੋਝ ਪਵੇਗਾ | ਉਨ੍ਹਾਂ ਅਪਣੇ ਦੁਖੜੇ ਸੁਣਾਉਂਦਿਆਂ ਕਿਹਾ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ 'ਚ ਆਈ ਹੈ ਪ੍ਰਾਪਰਟੀ ਸੰਬੰਧੀ ਹਮੇਸ਼ਾ ਉਲਝਣਾਂ ਪੈਦਾ ਕਰਨ ਵਾਲੇ ਫ਼ਰਮਾਨਾਂ ਕਾਰਨ ਲੋਕ ਮਾਯੂਸ ਹਨ | ਉਨ੍ਹਾਂ ਕਿਹਾ ਜੋ ਪਿਛਲੇ ਸਮੇਂ ਦੌਰਾਨ ਬਿਨਾਂ ਐੱਨ.ਓ.ਸੀ. ਤੋਂ ਰਜਿਸਟਰੀਆਂ ਹੋਈਆਂ ਸਨ ਉਸ ਪ੍ਰਾਪਰਟੀ ਨੂੰ ਫਿਰ ਤੋਂ ਵੇਚਣ ਲਈ ਐੱਨ.ਓ.ਸੀ. ਨਾ ਦੇਣ ਤੇ ਰਜਿਸਟਰੀਆਂ ਰੋਕ ਦੇਣ ਕਾਰਨ ਖ਼ਰੀਦਣ ਤੇ ਵੇਚਣ ਵਾਲੇ ਬਹੁਤ ਲੋਕ ਪ੍ਰੇਸ਼ਾਨ ਹੋ ਰਹੇ | ਪ੍ਰਾਪਰਟੀ ਡੀਲਰਾਂ ਨੇ ਮੰਗ ਕੀਤੀ ਕਿ ਪ੍ਰਾਪਰਟੀ ਖ਼ਰੀਦਣ ਤੇ ਵੇਚਣ ਸੰਬੰਧੀ ਸ਼ਰਤਾਂ ਸਰਲ ਕੀਤੀਆਂ ਜਾਣ ਤਾਂ ਜੋ ਲੋਕਾਂ ਦੀ ਰੋਟੀ ਰੋਜ਼ੀ ਚੱਲ ਸਕੇ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹੇ | ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਗੁਰਤੇਜ ਸਿੰਘ ਕੌਲ, ਜਨਰਲ ਸੈਕਟਰੀ ਭੀਮ ਸ਼ਰਮਾ, ਕੈਸ਼ੀਅਰ ਪਰਮਜੀਤ ਸਿੰਘ ਪੰਮਾ ਮੰਡੋੜ, ਸਤਨਾਮ ਸਿੰਘ ਖਹਿਰਾ, ਅਮਰੀਕ ਸਿੰਘ ਅਲੋਹਰਾ, ਸਤਗੁਰ ਸਿੰਘ ਅਲੋਹਰਾ, ਮੁਸ਼ਤਾਕ ਅਲੀ ਕਿੰਗ, ਕਾਕਾ ਸਿੰਘ ਸ਼ਿਵਪੁਰੀ, ਦਵਿੰਦਰ ਸਿੰਘ ਸੁਖਮਨੀ ਪ੍ਰਾਪਰਟੀਜ਼, ਅਜ਼ੀਜ਼ ਮੁਹੰਮਦ, ਪਰਮਜੀਤ ਸਕੋਹਾ, ਸਵਿੰਦਰ ਰਾਵਲ, ਕਰਨ ਮੰਡੋੜ, ਦੀਪਕ ਪ੍ਰਸਾਦ, ਪਵਨ ਵਰਮਾ, ਹੈਪੀ ਦੁਲੱਦੀ, ਹਰਸ਼ਦੀਪ ਛੀਨੂ, ਕਾਲਾ ਸ਼ਰਮਾ, ਬਿੱਟੂ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪ੍ਰਾਪਰਟੀ ਡੀਲਰ ਮੌਜੂਦ ਸਨ |