ਦੇਵੀਗੜ੍ਹ, 24 ਜਨਵਰੀ (ਰਾਜਿੰਦਰ ਸਿੰਘ ਮੌਜੀ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਇਕ ਅਹਿਮ ਬੈਠਕ ਅਨਾਜ ਮੰਡੀ ਦੁੱਧਨਸਾਧਾਂ ਵਿਖੇ ਹੋਈ | ਬਲਾਕ ਪ੍ਰਧਾਨ ਗੁਰਚਰਨ ਸਿੰਘ ਪਰੌੜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਬੈਠਕ ਦੌਰਾਨ ਕਿਸਾਨੀ ਮੰਗਾਂ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਅਗਲੀ ਰਣਨੀਤੀ ਉਲੀਕੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਖ਼ਿਲਾਫ਼ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 26 ਜਨਵਰੀ (ਗਣਤੰਤਰ ਦਿਵਸ) ਮੌਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਦਿਨ ਸਮੂਹ ਕਿਸਾਨ ਆਪਣੇ ਟਰੈਕਟਰਾਂ 'ਤੇ ਯੂਨੀਅਨ ਦੇ ਝੰਡੇ ਲਗਾ ਕੇ ਇਕ 'ਟਰੈਕਟਰ ਮਾਰਚ' ਕੱਢਣਗੇ | ਜੋ ਸਵੇਰੇ 10 ਵਜੇ, ਦੇਵੀਗੜ੍ਹ ਬਿਜਲੀ ਗਰਿੱਡ ਤੋਂ ਸ਼ੁਰੂ ਹੋਵੇਗਾ ਅਤੇ ਤਹਿਸੀਲ ਦੁੱਧਨਸਾਧਾਂ ਵਿਖੇ ਪਹੁੰਚ ਕੇ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ | ਬੈਠਕ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਸੀਡ ਬਿੱਲ, ਬੀਜ ਬਿੱਲ ਅਤੇ ਬਿਜਲੀ ਸੋਧ ਬਿੱਲ 'ਤੇ ਗੰਭੀਰ ਚਿੰਤਾ ਪ੍ਰਗਟਾਈ | ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨ ਵਿਰੋਧੀ ਹਨ ਅਤੇ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਸੌਂਪਣ ਦੀ ਕੋਸ਼ਿਸ਼ ਹਨ | ਕਿਸਾਨਾਂ ਨੇ ਅਹਿਦ ਲਿਆ ਕਿ ਉਹ ਇਨ੍ਹਾਂ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕਰਨਗੇ | ਇਸ ਮੌਕੇ ਤਰਸੇਮ ਸਿੰਘ, ਹਰਪਾਲ ਸਿੰਘ ਰੱਤਾਖੇੜ੍ਹਾ, ਇਕਬਾਲ ਸਿੰਘ, ਹਰਦੀਪ ਸਿੰਘ ਚੂੰਹਟ, ਰਜਿੰਦਰ ਸਿੰਘ ਦੌਲਤਪੁਰ, ਅਮਰੀਕ ਸਿੰਘ ਰਾਜੂਖੇੜ੍ਹੀ, ਅਜੈਬ ਸਿੰਘ, ਹਰਚਰਨ ਸਿੰਘ, ਅਰਵਿੰਦ ਸਿੰਘ, ਜੀਵਨ ਸਿੰਘ, ਕੇਸਰ ਸਿੰਘ, ਸਤਿਨਾਮ ਸਿੰਘ ਖਤੋਲੀ, ਹਰਬੰਸ ਸਿੰਘ ਸ਼ਾਦੀਪੁਰ, ਜਸਵਿੰਦਰ ਸਿੰਘ ਅਤੇ ਦਲਜੀਤ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |