ਭਾਦਸੋਂ, 25 ਜਨਵਰੀ (ਪ੍ਰਦੀਪ ਦੰਦਰਾਲਾ)-ਸ਼ਹਿਰ ਦੇ ਨੇੜਲੇ ਪਿੰਡ ਦੰਦਰਾਲਾ ਖਰੋੜ ਵਿਖੇ ਉੱਘੇ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਿਆਂ ਦੇ ਪੁੱਤਰ ਅਤੇ ਡਾਇਰੈਕਟਰ ਅਮਿਤੋਜ ਮਾਨ ਨੇ ਪੰਜਾਬ ਦੇ ਵੱਖ-ਵੱਖ ਮਸਲਿਆਂ ਸੰਬੰਧੀ ਜਿਵੇਂ ਕਿਸਾਨੀ, ਖੇਤੀਬਾੜੀ, ਪਾਣੀ ਤੇ ਨੌਜਵਾਨੀ ਦੇ ਵਿਦੇਸ਼ਾਂ ਨੂੰ ਜਾਣ ਦੇ ਰੁਝਾਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਕਾਂਗਰਸ, ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਭਾਵ ਕਿ ਕਿਸੇ ਵੀ ਸੱਤਾਧਾਰੀ ਪਾਰਟੀ ਨੇ ਪੰਜਾਬ ਦਾ ਕੋਈ ਰੱਤੀ ਭਰ ਵੀ ਭਲਾ ਨਹੀਂ ਕੀਤਾ | ਜਿਸ ਕਰਕੇ ਕਿਸੇ ਸਮੇਂ ਮੋਹਰੀ ਰਹਿਣ ਵਾਲਾ ਪੰਜਾਬੀ ਸੂਬਾ ਅੱਜ ਹੋਰਨਾਂ ਸੂਬਿਆਂ ਨਾਲੋਂ ਪਛੜ ਚੁੱਕਾ ਹੈ | ਉਨ੍ਹਾਂ ਕਿਹਾ ਇਸ ਸਮੇਂ ਪੰਜਾਬ ਦਾ ਪਾਣੀ ਮੁੱਕਣ ਕਿਨਾਰੇ ਹੈ | ਜਿਸ ਪ੍ਰਤੀ ਮੌਜੂਦਾ 'ਆਪ' ਸਰਕਾਰ ਬਿਲਕੁਲ ਵੀ ਸੰਜੀਦਾ ਨਹੀਂ ਹੈ | ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਹੁਣ ਪੰਜਾਬ 'ਚ ਤਕਰੀਬਨ 4 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਿਆ ਹੈ | ਸਰਕਾਰ ਕਰਜ਼ੇ ਚੁੱਕ ਕੇ ਵਕਤ ਟਪਾ ਰਹੀ ਹੈ ਜੋ ਕਿ ਸਾਡੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਆਖਿਆ ਕਿ ਵੋਟ ਭਾਵੇਂ ਕਿਸੇ ਨੂੰ ਵੀ ਦਿਓ ਪਰੰਤੂ ਆਪਣੇ ਹਲਕੇ ਦੇ ਵਿਧਾਇਕ ਜਾਂ ਮੰਤਰੀ ਕੋਲੋਂ ਪਿੰਡ ਦੇ ਨਾਲ-ਨਾਲ ਇਲਾਕੇ ਜਾਂ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਉਸ ਉਮੀਦਵਾਰ ਦੇ ਵਿਚਾਰ ਜ਼ਰੂਰ ਪੁੱਛੋ ਤੇ ਉਸ ਦੀ ਸਹਿਮਤੀ ਲਓ | ਇਸ ਮੌਕੇ ਜਸਪਾਲ ਸਿੰਘ, ਗੁਰਦੀਪ ਸਿੰਘ, ਪ੍ਰਗਟ ਸਿੰਘ, ਗੋਪਾਲ ਸ਼ਰਮਾ, ਟਿੰਕੂ ਬੱਤਾ, ਚਰਨਜੀਤ ਖਰੌੜ, ਰਿੰਪੀ ਗਿੱਲ, ਅੰਮਿ੍ਤਪਾਲ ਸਿੰਘ, ਜਸਵਿੰਦਰ ਸਿੰਘ ਫੱਗਣਮਾਜਰਾ ਡੀ.ਸੀ., ਮਨਦੀਪ ਸਿੰਘ ਪੰਚ, ਜੰਗ ਸਿੰਘ, ਹਰਮੇਸ਼ ਲਾਲ, ਹੀਰਾ ਲਾਲ, ਨਾਇਬ ਸਿੰਘ, ਬਲਵੀਰ ਖਾਨ, ਪ੍ਰੀਤਮ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਪੰਚ, ਸੁੱਖੀ ਸ਼ਰਮਾ, ਹਰਵਿੰਦਰ ਸਿੰਘ, ਬੱਬੂ ਸ਼ਰਮਾ, ਸਹਿਜਪ੍ਰੀਤ ਸਿੰਘ, ਪਰਵਿੰਦਰ ਸਿੰਘ ਨੰਬਰਦਾਰ, ਜੀਤਇੰਦਰ ਸਿੰਘ, ਖੁਸ਼ਪ੍ਰੀਤ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਸਮੂਹ ਪਿੰਡ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ |