ਪਟਿਆਲਾ, 25 ਜਨਵਰੀ (ਮਨਦੀਪ ਸਿੰਘ ਖਰੌੜ)-'ਆਪ' ਸਰਕਾਰ ਨੇ ਦੇਸ਼ ਭਰ 'ਚੋਂ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਸੂਬੇ ਦੇ ਹਰ ਇਕ ਪਰਿਵਾਰ ਨੂੰ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਦੇ ਫ਼ੈਸਲੇ ਨੂੰ ਪੰਜਾਬ ਵਾਸੀਆਂ ਵਲੋਂ ਲੋਕਪੱਖੀ ਫ਼ੈਸਲਾ ਦੱਸਿਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਰੀਕ ਸਿੰਘ ਬੰਗੜ ਨੇ ਦੱਸਿਆ ਹੈ ਕਿ ਜਿਹੜੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਨੇ ਸੂਬੇ 'ਚ ਸਰਕਾਰ ਬਣਾਈ ਸੀ ਉਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ 'ਆਪ' ਸਰਕਾਰ ਨੇ ਪੰਜਾਬ ਦੇ ਹਰ ਇਕ ਵਾਸੀ ਦਾ ਸਿਹਤ ਬੀਮਾ ਕਰਕੇ ਦੇਸ਼ ਭਰ 'ਚੋਂ ਕ੍ਰਾਂਤੀਕਾਰੀ ਫ਼ੈਸਲਾ ਕੀਤਾ ਹੈ | ਸ. ਬੰਗੜ ਨੇ ਕਿਹਾ 'ਆਪ' ਸਰਕਾਰ ਨੇ ਸੂਬਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹਰ ਇਕ ਵਿਅਕਤੀ ਨੂੰ ਵਧੀਆ ਸਿਹਤ ਸਹੂਲਤਾਂ ਪੰਜਾਬ 'ਚ ਮਿਲਣਗੀਆਂ ਜਿਹੜਾ ਕਿ ਉਨ੍ਹਾਂ ਨੇ ਪੂਰਾ ਕੀਤਾ ਹੈ | ਜੇਕਰ ਆਪਾਂ ਦੇਖੀਏ ਕਿ ਜ਼ਿਆਦਾਤਰ ਲੋਕੀ ਬਿਮਾਰੀ ਦੀ ਹਾਲਤ 'ਚ ਆਪਣਾ ਇਲਾਜ ਵੀ ਨਹੀਂ ਕਰਵਾ ਪਾਉਂਦੇ | ਅਜਿਹੇ ਵਿਅਕਤੀਆਂ ਨੂੰ ਹੁਣ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ, ਉਨ੍ਹਾਂ ਦਾ ਇਲਾਜ ਹੁਣ ਸਰਕਾਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਰਵਾਏਗੀ | ਸਰਕਾਰ ਦੇ ਇਸ ਫ਼ੈਸਲੇ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ |