ਦੇਵੀਗੜ੍ਹ, 25 ਜਨਵਰੀ (ਰਾਜਿੰਦਰ ਸਿੰਘ ਮੌਜੀ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਜ਼ਿਲ੍ਹਾ ਪਟਿਆਲਾ ਦੇ ਭੁਨਰਹੇੜੀ ਅਧੀਨ ਆਉਂਦੇ ਮਗਰ ਸਾਹਿਬ ਮੰਡਲ ਵਲੋਂ ਪਿੰਡ ਚਪਰਾੜ ਦੇ ਡੇਰਾ ਬਾਬਾ ਭਬੂਤ ਗਿਰ ਵਿਖੇ ਇਕ ਵਿਸ਼ਾਲ 'ਧਰਮ ਸੰਮੇਲਨ' ਕਰਵਾਇਆ | ਸਮਾਗਮ 'ਚ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ ਪ੍ਰਾਂਤ ਪ੍ਰਚਾਰਕ ਨਰਿੰਦਰ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਸਮਾਜਿਕ ਸੁਧਾਰ ਦੇ 'ਪੰਜ ਪਰਿਵਰਤਨ' ਵਿਸ਼ਿਆਂ 'ਤੇ ਬੌਧਿਕ ਦਿੱਤਾ | ਸੰਗਤ ਨੂੰ ਸੰਬੋਧਨ ਕਰਦਿਆਂ ਨਰਿੰਦਰ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੇਸ਼, ਧਰਮ ਤੇ ਸੰਸਕਿ੍ਤੀ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ, ਜੋ ਇਤਿਹਾਸ ਵਿਚ ਅਮਿੱਟ ਹੈ | ਉਨ੍ਹਾਂ ਅਫ਼ਸੋਸ ਜਤਾਇਆ ਕਿ ਜਿਸ ਧਰਮ ਨੂੰ ਬਚਾਉਣ ਲਈ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ, ਅੱਜ ਉਸੇ ਸਮਾਜ ਵਿਚ ਧਰਮ ਪਰਿਵਰਤਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲਾਲਚ ਜਾਂ ਭਟਕਾਵੇ ਵਿਚ ਆ ਕੇ ਧਰਮ ਬਦਲਣ ਵਾਲੇ ਲੋਕਾਂ ਨੂੰ ਸਮਝਾਉਣ ਤੇ ਸਮਾਜਿਕ ਏਕਤਾ ਬਣਾਈ ਰੱਖਣ | ਪੰਜ ਪਰਿਵਰਤਨ ਅਤੇ ਰਾਸ਼ਟਰ ਨਿਰਮਾਣ ਪ੍ਰਾਂਤ ਪ੍ਰਚਾਰਕ ਨੇ ਸਮਾਜਿਕ ਸੁਧਾਰ ਲਈ ਪੰਜ ਮੁੱਖ ਨੁਕਤਿਆਂ 'ਤੇ ਜ਼ੋਰ ਦਿੱਤਾ | ਜਿਨ੍ਹਾਂ 'ਚ ਪਰਿਵਾਰਕ ਸੰਸਕਾਰਾਂ ਦੀ ਮਜ਼ਬੂਤੀ, ਜਾਤ-ਪਾਤ ਦੇ ਭੇਦਭਾਵ ਤੋਂ ਮੁਕਤ ਸਮਾਜ, ਕੁਦਰਤ ਦੀ ਸਾਂਭ-ਸੰਭਾਲ, ਆਪਣੇ ਸੱਭਿਆਚਾਰ ਤੇ ਦੇਸੀ ਵਸਤਾਂ 'ਤੇ ਮਾਣ, ਦੇਸ਼ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ | ਇਸ ਮੌਕੇ ਜ਼ਿਲ੍ਹਾ ਪ੍ਰਚਾਰਕ ਅਰਜੁਨ ਕੁਮਾਰ ਨੇ ਭਾਰਤ ਦੇ ਗੌਰਵਸ਼ਾਲੀ ਇਤਿਹਾਸ ਤੇ ਸੰਘ ਦੀ 100 ਸਾਲਾਂ ਦੀ ਸੇਵਾ ਯਾਤਰਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਸਮਾਗਮ ਦੀ ਸਮਾਪਤੀ ਵਿਭਾਗ ਸੰਘ ਚਾਲਕ ਬਲਜਿੰਦਰ ਠਾਕੁਰ ਦੇ ਅਸੀਸ ਵਚਨਾਂ ਨਾਲ ਹੋਈ, ਜਿਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ | ਸੰਮੇਲਨ ਨੂੰ ਸਫਲ ਬਣਾਉਣ ਵਿਚ ਮਹੰਤ ਬਾਬਾ ਪਵਨ ਗਿਰਿ, ਮਹੰਤ ਬਾਬਾ ਸਤਯਮ ਗਿਰਿ, ਵਿਭਾਗ ਪ੍ਰਚਾਰਕ ਸ਼ਿਆਮ ਵੀਰ, ਵਿਭਾਗ ਕਾਰਯਵਾਹ ਯੋਗੇਸ਼, ਜ਼ਿਲ੍ਹਾ ਸੇਵਾ ਪ੍ਰਮੁੱਖ ਰਵਿੰਦਰ, ਖੰਡ ਕਾਰਯਵਾਹ ਅਮਰ ਬੰਸੀ ਤੇ ਖੰਡ ਧਰਮ ਸੰਮੇਲਨ ਪ੍ਰਮੁੱਖ ਗੂਰੀ ਰਾਜਪੂਤ ਨੇ ਅਹਿਮ ਭੂਮਿਕਾ ਨਿਭਾਈ | ਇਸ ਤੋਂ ਇਲਾਵਾ ਨੰਬਰਦਾਰ ਭਜਨ ਸਿੰਘ, ਗੁਰਵਿੰਦਰ ਸਿੰਘ, ਜਤਿੰਦਰ ਕੋਹਲੀ, ਧਰਮਪਾਲ ਸ਼ਰਮਾ, ਰੋਹਿਤ, ਰਮਨ, ਸੰਦੀਪ, ਜਸਵਿੰਦਰ, ਹਰਪਾਲ ਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ |