ਰਾਜਪੁਰਾ, 27 ਜਨਵਰੀ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਕੈਂਟਰ ਸਵਾਰ ਦੋ ਵਿਅਕਤੀਆਂ ਨੂੰ 7 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਖੇੜੀ ਗੰਡਿਆਂ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਪੁਲਿਸ ਪਾਰਟੀ ਸਮੇਤ ਜਦੋਂ ਪਿੰਡ ਬੜੋਲੀ ਗੁੱਜਰਾਂ ਮੋੜ ਨੇੜੇ ਪਹੁੰਚੇ ਤਾਂ ਸ਼ੱਕ ਦੇ ਆਧਾਰ 'ਤੇ ਇਕ ਕੈਂਟਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਕੈਂਟਰ ਸਵਾਰ ਦੋ ਵਿਅਕਤੀਆਂ ਕੋਲੋਂ 7 ਕਿੱਲੋ ਭੁੱਕੀ ਬਰਾਮਦ ਹੋਈ | ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਜ਼ੋਰਾਵਰ ਸਿੰਘ ਵਾਸੀ ਗੜ੍ਹੀ ਤਰਖਾਣਾ ਜ਼ਿਲ੍ਹਾ ਲੁਧਿਆਣਾ ਅਤੇ ਗੁਲਸ਼ਨ ਕੁਮਾਰ ਵਾਸੀ ਸ਼ਾਹਪੁਰ ਕੰਡੀ ਪਠਾਨਕੋਟ ਦੇ ਤੌਰ 'ਤੇ ਹੋਈ | ਥਾਣਾ ਖੇੜੀ ਗੰਡਿਆਂ ਪੁਲਿਸ ਨੇ ਉਕਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |