ਪਟਿਆਲਾ, 1 ਫਰਵਰੀ (ਅ.ਸ. ਆਹਲੂਵਾਲੀਆ)-ਪਟਿਆਲਾ ਦਿਹਾਤੀ ਤੋਂ ਬੀਜੇਪੀ ਆਗੂ ਗੁਰਜੀਤ ਸਿੰਘ ਕੋਹਲੀ ਨੇ ਅੱਜ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਪਟਿਆਲਾ 'ਚ ਕਰਵਾਏ ਸਮਾਗਮ 'ਚ ਹਾਜ਼ਰੀ ਭਰੀ | ਗੁਰਜੀਤ ਸਿੰਘ ਕੋਹਲੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਰਹਿੰਦੀ ਦੁਨੀਆਂ ਤੱਕ ਸਮੁੱਚੀ ਮਾਨਵਤਾ ਨੂੰ ਸੇਧ ਦਿੰਦੀਆਂ ਰਹਿਣਗੀਆਂ | ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਕਮੇਟੀ ਨੇ ਗੁਰਜੀਤ ਸਿੰਘ ਕੋਹਲੀ ਨੂੰ ਸਨਮਾਨਿਤ ਵੀ ਕੀਤਾ | ਗੁਰੂ ਰਵਿਦਾਸ ਮੰਦਿਰ ਪਿੰਡ ਫ਼ੈਕਟਰੀ ਏਰੀਆ ਵਿਖੇ ਸੰਗਤ ਵਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਸਮਾਨਤਾ, ਭਰਾਤਰੀਭਾਵ, ਪ੍ਰੇਮ ਅਤੇ ਮਨੁੱਖਤਾ ਦੇ ਰਾਹ 'ਤੇ ਤੁਰਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਸਿਰਫ ਪੰਜਾਬ ਜਾਂ ਭਾਰਤ ਵਾਸੀਆਂ ਲਈ ਹੀ ਨਹੀਂ ਸਗੋਂ ਪੂਰੀ ਦੁਨੀਆਂ ਤੇ ਮਾਨਵਤਾ ਲਈ ਮਾਰਗਦਰਸ਼ਕ ਹਨ ਅਤੇ ਮਨੁੱਖਤਾ ਨੂੰ ਹਮੇਸ਼ਾ ਨੇਕੀ, ਇਮਾਨਦਾਰੀ ਅਤੇ ਸੇਵਾ ਦੀ ਪ੍ਰੇਰਨਾ ਦਿੰਦੀਆਂ ਰਹਿਣਗੀਆਂ |