ਦੇਵੀਗੜ੍ਹ, 2 ਫਰਵਰੀ (ਰਾਜਿੰਦਰ ਸਿੰਘ ਮੌਜੀ)-ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ ਜੁਲਾਹਖੇੜੀ ਵਿਖੇ ਵਿਦਿਆਰਥੀਆਂ ਦੀ ਸਿਰਜਣਾਤਮਿਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ 'ਇੰਟਰ-ਕਲਾਸ ਪੋਸਟਰ ਮੇਕਿੰਗ ਮੁਕਾਬਲਾ' ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ | ਇਸ ਮੁਕਾਬਲੇ 'ਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ | ਮੁਕਾਬਲੇ ਦੌਰਾਨ ਨੰਨ੍ਹੇ ਕਲਾਕਾਰਾਂ ਨੇ ਆਪਣੀ ਕਲਪਨਾ ਸਕਤੀ ਅਤੇ ਰੰਗਾਂ ਰਾਹੀਂ ਵੱਖ-ਵੱਖ ਸਮਾਜਿਕ ਵਿਸ਼ਿਆਂ 'ਤੇ ਬਹੁਤ ਹੀ ਖ਼ੂਬਸੂਰਤ ਅਤੇ ਦਿਲਚਸਪ ਪੋਸਟਰ ਤਿਆਰ ਕੀਤੇ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਰਜਿੰਦਰ ਕੌਰ ਸੰਧੂ ਅਤੇ ਪਿ੍ੰਸੀਪਲ ਤਰਨਦੀਪ ਕੌਰ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਦੀਆਂ ਕਲਾਕਿ੍ਤੀਆਂ ਦਾ ਨਿਰੀਖਣ ਕੀਤਾ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਬੇਹੱਦ ਜ਼ਰੂਰੀ ਹਨ | ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਅੰਦਰ ਛੁਪੀ ਹੋਈ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਉਂਦੀ ਹੈ ਅਤੇ ਉਨ੍ਹਾਂ 'ਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ | ਮੁਕਾਬਲੇ ਦੇ ਅੰਤ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਜੇਤੂਆਂ ਨੂੰ ਮੈਨੇਜਿੰਗ ਡਾਇਰੈਕਟਰ ਅਤੇ ਪਿ੍ੰਸੀਪਲ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |