ਪਟਿਆਲਾ, 3 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਵਾਲੇ ਵਿਦੇਸ਼ੀ ਦੌਰੇ ਤੋਂ ਪਹਿਲਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਨਿਵੇਸ਼ ਦੇ ਨਾਮ 'ਤੇ ਕੀਤੇ ਜਾ ਰਹੇ ਵਿਦੇਸ਼ੀ ਦੌਰੇ ਸਿਰਫ਼ 'ਕਥਿਤ ਨਿਵੇਸ਼ਾਂ' ਤੱਕ ਹੀ ਸੀਮਿਤ ਰਹੇ ਹਨ, ਜਦਕਿ ਜ਼ਮੀਨੀ ਪੱਧਰ 'ਤੇ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ | ਮੋਹਿਤ ਮੋਹਿੰਦਰਾ ਨੇ ਕਿਹਾ ਕਿ ਚਾਰ ਸਾਲਾਂ ਦੇ ਕਾਰਜਕਾਲ ਦੇ ਬਾਵਜੂਦ 'ਆਪ' ਸਰਕਾਰ ਪੰਜਾਬ ਵਿਚ ਨਾ ਤਾਂ ਨਵੇਂ ਉਦਯੋਗ ਲਿਆ ਸਕੀ ਹੈ ਅਤੇ ਨਾ ਹੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਕੀ ਹੈ | ਹੁਣ ਸਰਕਾਰ ਆਪਣੇ ਕਾਰਜਕਾਲ ਦੇ ਅਖੀਰ 'ਚ ਵਿਦੇਸ਼ੀ ਦੌਰਿਆਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਮੁੱਖ ਮੰਤਰੀ ਅਤੇ 'ਆਪ' ਸਰਕਾਰ ਸਾਹਮਣੇ ਸਵਾਲ ਚੁੱਕਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਸਰਕਾਰ ਨੇ ਨਿਵੇਸ਼ ਲਈ ਕੀ ਕੀਤਾ? ਜੇ ਸਰਕਾਰ ਗੰਭੀਰ ਸੀ ਤਾਂ ਨਿਵੇਸ਼ ਦੀ ਗੱਲ ਕਰਨ ਲਈ ਇੰਨੀ ਦੇਰ ਕਿਉਂ ਕੀਤੀ ਗਈ | ਉਨ੍ਹਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ ਸੰਮੇਲਨ 'ਦਾਵੋਸ' ਵਿਚ ਪੰਜਾਬ ਦੀ ਨੁਮਾਇੰਦਗੀ ਕਿਉਂ ਨਹੀਂ ਕੀਤੀ ਗਈ | ਯੂਥ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਦੇ ਜਪਾਨ ਦੌਰੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੌਰੇ ਤੋਂ ਬਾਅਦ ਜ਼ਮੀਨ 'ਤੇ ਕੀ ਬਦਲਿਆ? ਕਿੰਨੇ ਨਵੇਂ ਉਦਯੋਗ ਲੱਗੇ, ਕਿੰਨੀਆਂ ਫੈਕਟਰੀਆਂ ਸ਼ੁਰੂ ਹੋਈਆਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਕਿੰਨੀਆਂ ਨੌਕਰੀਆਂ ਮਿਲੀਆਂ ਸਰਕਾਰ ਇਸਦਾ ਜਵਾਬ ਦੇਵੇ | ਮੋਹਿਤ ਮੋਹਿੰਦਰਾ ਨੇ ਦੋਸ਼ ਲਗਾਇਆ ਕਿ ਇਹ ਵਿਦੇਸ਼ੀ ਦੌਰੇ ਸਰਕਾਰੀ ਪੈਸੇ ਨਾਲ ਕੀਤੇ ਗਏ ਸਿਰਫ ''ਸੈਰ-ਸਪਾਟੇ'' ਸਾਬਤ ਹੋਏ ਹਨ, ਜਿਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ ਲਈ ਜਾ ਰਹੀ | ਉਨ੍ਹਾਂ ਮੰਗ ਕੀਤੀ ਕਿ 'ਆਪ' ਸਰਕਾਰ ਹੁਣ ਤੱਕ ਦੇ ਸਾਰੇ ਵਿਦੇਸ਼ੀ ਦੌਰਿਆਂ ਤੋਂ ਬਾਅਦ ਦਾਅਵਾ ਕੀਤੇ ਨਿਵੇਸ਼ਾਂ ਬਾਰੇ ਤੁਰੰਤ ਵਾਈਟ ਪੇਪਰ ਜਾਰੀ ਕਰੇ ਅਤੇ ਲੋਕਾਂ ਨੂੰ ਹਕੀਕਤ ਤੋਂ ਵਾਕਿਫ ਕਰਾਏ | ਅੰਤ 'ਚ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਾਅਰਿਆਂ ਜਾਂ ਵਿਦੇਸ਼ੀ ਫੋਟੋਆਂ ਦੀ ਨਹੀਂ, ਸਗੋਂ ਰੋਜ਼ਗਾਰ, ਉਦਯੋਗ ਅਤੇ ਸੂਬੇ ਲਈ ਇਕ ਠੋਸ ਤੇ ਭਰੋਸੇਯੋਗ ਭਵਿੱਖੀ ਯੋਜਨਾ ਦੀ ਲੋੜ ਹੈ |