ਰਾਜਪੁਰਾ, 5 ਫਰਵਰੀ (ਜੀ.ਪੀ. ਸਿੰਘ)-ਸ਼ਹਿਰੀ ਥਾਣੇ ਦੀ ਪੁਲਿਸ ਨੇ ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਗਈ | ਮੁਹਿੰਮ ਦੇ ਤਹਿਤ ਤਿੰਨ ਝਪਟਮਾਰ (ਲੁਟੇਰੇ) ਤੇ ਇਕ ਅਗਵਾਕਾਰ ਨੂੰ ਕਾਬੂ ਕੀਤਾ ਹੈ | ਸ਼ਹਿਰੀ ਥਾਣੇ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ 27 ਜਨਵਰੀ ਨੂੰ ਸਥਾਨਕ ਜਨਤਾ ਸਕੂਲ ਕੋਲ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਕੋਲੋਂ ਲੁੱਟ ਖੋਹ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕੀਤਾ ਗਿਆ ਸੀ | ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੋਈ ਸੀ | ਇਸੇ ਦੌਰਾਨ ਪੁਲਿਸ ਨੇ ਇਸ ਲੁੱਟ ਖੋਹ ਨੂੰ ਅੰਜਾਮ ਦੇਣ ਵਾਲੇ ਕਿ੍ਸ਼ ਕੁਮਾਰ ਅਤੇ ਮਨਦੀਪ ਸਿੰਘ ਮੰਨੂ ਵਾਸੀ ਢਕਾਣਸੂ ਰੋਡ ਰਾਜਪੁਰਾ ਅਤੇ ਅਰਸ਼ਦ ਵਾਸੀ ਫੋਕਲ ਪੁਆਇੰਟ ਨੂੰ ਕਾਬੂ ਕਰ ਲਿਆ ਹੈ | ਇਸੇ ਤਰ੍ਹਾਂ ਸ਼ਹਿਰੀ ਥਾਣੇ ਦੀ ਪੁਲਿਸ ਨੇ 17 ਅਪ੍ਰੈਲ 2025 ਦੇ ਸ਼ਹਿਰੀ ਥਾਣੇ 'ਚ ਦਰਜ ਕੀਤੇ ਗਏ ਇਕ ਅਗਵਾ 'ਤੇ ਕੁੱਟਮਾਰ ਦੇ ਕੇਸ ਦੇ ਮੁਲਜ਼ਮ ਸੰਦੀਪ ਕੁਮਾਰ ਬਾਬੂ ਨੂੰ ਵੀ ਗਿ੍ਫ਼ਤਾਰ ਕਰ ਲਿਆ | ਉਸ ਦੇ ਖ਼ਿਲਾਫ਼ ਰਾਜਸਥਾਨ ਵਿਚ ਵੀ ਕਾਰ ਖੋਹਣ ਅਤੇ ਲੁੱਟਾਂ-ਖੋਹਾਂ ਕਰਨ ਦੇ ਕੇਸ ਦਰਜ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ | ਇਸ ਮੌਕੇ ਸਬ ਇੰਸਪੈਕਟਰ ਕਮਲਜੀਤ ਸਿੰਘ, ਕਸਤੂਰਬਾ ਪੁਲਿਸ ਚੌਂਕੀ ਦੇ ਇੰਚਾਰਜ ਨਿਸ਼ਾਨ ਸਿੰਘ ਸੰਧੂ, ਸਹਾਇਕ ਥਾਣੇਦਾਰ ਜਗਦੇਵ ਸਿੰਘ ਅਤੇ ਸਹਾਇਕ ਥਾਣੇਦਾਰ ਰਾਜਪਾਲ ਵੀ ਮੌਜੂਦ ਸਨ |