ਭੁੱਨਰਹੇੜੀ, 5 ਫਰਵਰੀ (ਧਨਵੰਤ ਸਿੰਘ)-ਸੰਨ 1947 ਦੀ ਦੇਸ਼ ਵੰਡ ਦੇ ਦੌਰਾਨ ਵਾਪਰੀ ਇਕ ਦਰਦਨਾਕ ਪਰ ਹਿੰਮਤ ਭਰੀ ਘਟਨਾ ਅੱਜ ਵੀ ਉੱਪਲੀ ਪਿੰਡ ਦੇ ਬਜ਼ੁਰਗਾਂ ਦੀ ਯਾਦ 'ਚ ਤਾਜ਼ਾ ਹੈ | ਪਾਕਿਸਤਾਨ ਤੋਂ ਉਜੜ ਕੇ ਆ ਰਹੇ ਇਕ ਕਾਫ਼ਲੇ ਦੌਰਾਨ ਇਕ ਮਾਂ ਨੇ ਰਸਤੇ ਵਿਚ ਜੌੜੇ ਪੁੱਤਰਾਂ ਨੂੰ ਜਨਮ ਦਿੱਤਾ | ਉਨ੍ਹਾਂ ਦੀ ਮਾਂ ਨੂੰ ਭੁੱਖ, ਪਿਆਸ ਅਤੇ ਦਹਿਸ਼ਤ ਵਾਲੇ ਮਾਹੌਲ ਵਿਚ ਸਫਰ ਕਰਦੀ ਹੋਈ ਆਪਣੀ ਮੰਜਲ ਵੱਲ ਵੱਦੀ ਰਹੀ, ਅਜਿਹੇ ਕਠਨਾਈਆਂ ਭਰੇ ਸਫਰ ਵਿਚ ਦੋਵੇ ਬੱਚਿਆਂ ਨੂੰ ਨਾਲ ਲਿਆਉਣ ਵਿਚ ਸਫਲ ਰਹੀ | ਬੇਸ਼ਕ ਕਾਫਲੇ ਦੇ ਸਾਥੀਆਂ ਨੇ ਜਾਨ ਬਚਾਉਣ ਲਈ ਬੱਚਿਆਂ ਨੂੰ ਛੱਡਣ ਦੀ ਸਲਾਹ ਦਿੱਤੀ, ਪਰ ਉਸ ਮਾਂ ਨੇ ਹੌਸਲਾ ਨਹੀਂ ਛੱਡਿਆ | ਇਕ ਪਲ ਲਈ ਉਸ ਨੇ ਇਕ ਬੱਚੇ ਨੂੰ ਬੂਟੇ ਹੇਠ ਰੱਖ ਦਿੱਤਾ, ਪਰ ਮਾਂ ਦਾ ਦਿਲ ਨਾ ਮੰਨਿਆ ਅਤੇ ਉਹ ਵਾਪਸ ਦੌੜ ਕੇ ਦੂਸਰੇ ਬੱਚੇ ਨੂੰ ਵੀ ਨਾਲ ਲੈ ਤੁਰੀ | ਮਾਂ ਨੇ ਦੋਵੇਂ ਬੱਚਿਆਂ ਨੂੰ ਔਖੇ ਸਫਰ ਅਤੇ ਘੜੀ 'ਚ ਲਿਆਉਣ ਵਿਚ ਸਫਲ ਰਹੀ | ਉਹੀ ਬੱਚੇ ਹੁਣ ਬਜੁਰਗ ਹੋ ਚੁੱਕੇ ਹਨ | ਉਹ ਚੰਬਾ ਸਿੰਘ ਅਤੇ ਭਜਨ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਜੌੜੇ ਭਰਾ ਹਨ, ਜਿਨ੍ਹਾਂ ਦਾ ਮੂਲ ਪਿੰਡ ਵੰਡ ਤੋਂ ਪਹਿਲਾਂ ਪਾਕਿਸਤਾਨ ਵਿਚ ਟੌਗ ਸੀ | ਜਿਸ ਕਾਰਨ ਇਨ੍ਹਾਂ ਨੂੰ ਟੌਗ ਵਾਲੇ ਆਖਿਆ ਜਾਂਦਾ ਹੈ | ਪੇਂਡੂ ਸਾਦਗੀ ਅਤੇ ਹਮਸ਼ਕਲ ਹੋਣ ਕਾਰਨ ਇਹ ਭਰਾਵਾਂ ਦੀ ਜੋੜੀ ਪਿੰਡ ਦੀਆਂ ਮਿੱਠੀਆਂ-ਖੱਟੀਆਂ ਯਾਦਾਂ ਦਾ ਹਿੱਸਾ ਬਣੀ ਰਹੀ | ਉਨ੍ਹਾਂ ਦੇ ਮਜ਼ਾਕੀਆ ਸੁਭਾਅ ਅਤੇ ਜਵਾਨੀ ਦੀਆਂ ਕਈ ਹਾਸ-ਰਸ ਭਰੀਆਂ ਘਟਨਾਵਾਂ ਅੱਜ ਵੀ ਸੱਥਾਂ 'ਚ ਚਾਵ ਨਾਲ ਸੁਣਾਈਆਂ ਜਾਂਦੀਆਂ ਹਨ | ਅੱਜ ਵੀ ਦੋਵੇਂ ਭਰਾ ਇਕੱਠੇ ਰਹਿੰਦੇ ਹਨ | ਉਨ੍ਹਾਂ ਦੇ ਪੁੱਤਰ ਭਾਵੇਂ ਵਿਦੇਸ਼ਾਂ ਵਿਚ ਵਸਦੇ ਹਨ, ਪਰ ਇਹ ਜੋੜੀ ਹਰ ਔਖੇ ਵੇਲੇ ਪਿੰਡ ਵਾਸੀਆਂ ਨਾਲ ਖੜ੍ਹਦੀ ਹੈ | ਪਿੰਡ ਦੇ ਲੋਕਾਂ ਦੀ ਅਰਦਾਸ ਹੈ ਕਿ ਇਹ ਭਰਾ ਲੰਮਾ ਜੀਵਨ ਜੀਊਣ ਅਤੇ ਆਪਣੀ ਸਾਦਗੀ ਤੇ ਹੱਸਮੁੱਖ ਸੁਭਾਅ ਨਾਲ ਸਮਾਜ ਵਿਚ ਪਿਆਰ ਵੰਡਦੇ ਰਹਿਣ | ਇਹ ਬਜੁਰਗ ਗਿੱਲ ਪਰਿਵਾਰ ਨਾਲ ਸੰਬੰਧਤ ਹਨ, ਉਨਾਂ ਦੇ ਭਤੀਜੇ ਗੁਰਜੀਤ ਸਿੰਘ ਉਪਲੀ ਨੇ ਉਕਤ ਮਿੱਠੀਆਂ ਖੱਟੀਆਂ ਘਟਨਾਵਾਂ 'ਤੇ ਚਾਨਣਾ ਪਾਇਆ |