ਪਟਿਆਲਾ, 6 ਫਰਵਰੀ-ਅੱਜ ਕਾਂਗਰਸ ਦੇ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਹਿਨਾ ਕਾਂਵੜੇ (ਇੰਚਾਰਜ ਪੰਜਾਬ ਜ਼ੋਨ-3) ਵਲੋਂ ਕੀਤੀ ਗਈ | ਅੱਜ ਦੀ ਇਸ ਮੀਟਿੰਗ 'ਚ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ, ਅਹੁਦੇਦਾਰ, ਯੂਥ, ਕਿਸਾਨ ਤੇ ਮਹਿਲਾ ਕਾਂਗਰਸ ਸਮੇਤ ਬਲਾਕ ਪ੍ਰਧਾਨ, ਬਲਾਕ ਕਮੇਟੀਆਂ, ਮੌਜੂਦਾ ਤੇ ਸਾਬਕਾ ਕੌਂਸਲਰ ਸਮੇਤ ਵੱਖ-ਵੱਖ ਸੈੱਲਾਂ ਦੇ ਪ੍ਰਧਾਨ ਹਾਜ਼ਰ ਸਨ | ਇਸ ਮੌਕੇ ਮੀਟਿੰਗ 'ਚ ਪਹੁੰਚੇ ਵੱਖ-ਵੱਖ ਪ੍ਰਧਾਨਾਂ ਵਲੋਂ ਪਾਰਟੀ ਹਾਈਕਮਾਨ 'ਤੇ ਨਿਸ਼ਾਨੇ ਸਾਧੇ ਗਏ ਅਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੀ ਆਵਾਜ਼ ਪਾਰਟੀ ਲੀਡਰਸ਼ਿਪ ਨਹੀਂ ਸੁਣ ਰਹੀ ਅਤੇ ਲੰਮੇ ਸਮੇਂ ਤੋਂ ਵਰਕਰਾਂ ਤੇ ਅਹੁਦੇਦਾਰਾਂ ਵਲੋਂ ਧਰਾਤਲੀ ਪੱਧਰ 'ਤੇ ਕੀਤੇ ਕੰਮ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਜਿਸ ਤੋਂ ਬਾਅਦ ਮਾਮਲਾ ਗਰਮ ਹੋ ਗਿਆ ਅਤੇ ਸ਼ਹਿਰੀ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਵਲੋਂ ਹੱਥ ਬੰਨ੍ਹਦਿਆਂ ਬੁਲਾਰੇ ਨੂੰ ਪਾਰਟੀ ਲਈ ਪਾਜ਼ੀਟਿਵ ਬੋਲਣ ਨੂੰ ਕਹਿ ਕੇ ਬੈਠਣ ਨੂੰ ਕਿਹਾ ਜਿਸ 'ਤੇ ਮੀਟਿੰਗ 'ਚ ਆਏ ਹੋਰ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਕਿਹਾ ਗਿਆ ਕਿ ਹਰ ਵਾਰ ਬੁਲਾ ਕੇ ਸਾਡੀ ਗੱਲ ਨਹੀਂ ਸੁਣੀ ਜਾਂਦੀ | ਇਸ ਮੌਕੇ ਜ਼ਿਲ੍ਹੇ ਦੀ ਦਿਹਾਤੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵਲੋਂ ਕਿਸੇ ਵੀ ਬੁਲਾਰੇ ਨੂੰ ਰੋਕਣ ਦੀ ਥਾਂ ਸਮਝਾਉਣ ਨੂੰ ਪਹਿਲ ਦਿੱਤੀ ਗਈ ਅਤੇ ਵਾਰ-ਵਾਰ ਪਹੁੰਚੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਸਲੀਕੇ ਨਾਲ ਆਪਣਾ ਪੱਖ ਰੱਖਣ ਨੂੰ ਕਿਹਾ ਗਿਆ | ਜਦੋਂ ਕਿ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਵਲੋਂ ਬਲਾਕ ਪ੍ਰਧਾਨਾਂ ਨੂੰ ਮੌਜੂਦਾ ਸਰਕਾਰ ਦੀਆਂ ਵੱਖ-ਵੱਖ ਸਿਹਤ ਸਹੂਲਤਾਂ ਦੇ ਖ਼ਿਲਾਫ਼ ਬੋਲਣ ਲਈ ਬੇਨਤੀ ਕਰਦੇ ਦਿਖਾਈ ਦਿੱਤੇ ਗਏ | ਕਾਂਗਰਸੀ ਆਗੂ ਹਰਵਿੰਦਰ ਸਿੰਘ ਨਿੱਪੀ ਇਸ ਮੌਕੇ ਮਾਇਕ ਨਾ ਮਿਲਣ ਕਾਰਨ ਪ੍ਰੇਸ਼ਾਨ ਹੁੰਦੇ ਨਜ਼ਰ ਆਏ | ਇਸ ਮੌਕੇ ਪਹੁੰਚੇ ਸਾਬਕਾ ਵਿਧਾਇਕ ਸਾਧੂ ਸਿੰਘ ਧਰਮਸੌਤ, ਰਜਿੰਦਰ ਸਿੰਘ ਆਪਣੇ ਪੱਖ ਰੱਖ ਕੇ ਨਿੱਜੀ ਕੰਮ ਦਾ ਹਵਾਲਾ ਦੇ ਕੇ ਚਲੇ ਗਏ | ਇੱਥੇ ਇਹ ਵੀ ਦੱਸਣਯੋਗ ਹੈ ਕਿ 11 ਵਜੇ ਸੱਦ ਕੇ ਲਗਭਗ ਤਿੰਨ ਘੰਟੇ ਦੀ ਉਡੀਕ ਕਰਨ ਮਗਰੋਂ ਪਹੁੰਚੀ ਸੈਕਟਰੀ ਹਿਨਾ ਕਾਂਵੜੇ ਤੋਂ ਪਹਿਲਾਂ ਜਦੋਂ ਅਹੁਦੇਦਾਰਾਂ ਤੇ ਵਰਕਰਾਂ ਨੇ ਆਪਣਾ ਪੱਖ ਰੱਖਣ ਲਈ ਆਖਿਆ ਗਿਆ ਤਾਂ ਜਦੋਂ ਬੁਲਾਰਾ ਪਾਰਟੀ ਵਲੋਂ ਸੁਣਵਾਈ ਨਾ ਕੀਤੇ ਜਾਣ 'ਤੇ ਦੁੱਖ ਰੋਣ ਲੱਗਦਾ ਤਾਂ ਤੁਰੰਤ ਬੁਲਾਰਾ ਬਦਲ ਦਿੱਤਾ ਜਾਂਦਾ ਰਿਹਾ ਅਤੇ ਬਾਅਦ 'ਚ ਉਨ੍ਹਾਂ ਬੁਲਾਰਿਆਂ ਨੂੰ ਹੀ ਸਮਾਂ ਦਿੱਤਾ ਗਿਆ ਜਿਨ੍ਹਾਂ ਵਲੋਂ ਪਾਰਟੀ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਰਜਿੰਦਰ ਸਿੰਘ, ਹਰਿੰਦਰਪਾਲ ਸਿੰਘ ਹੈਰੀਮਾਨ, ਮੋਹਿਤ ਮਹਿੰਦਰਾ ਸਮੇਤ ਕਾਂਗਰਸ ਦੇ ਸੀਨੀਅਰ ਆਗੂ ਹਾਜ਼ਰ ਰਹੇ | ਹਿਨਾ ਕਾਂਵੜੇ ਦੇ ਸੰਬੋਧਨ ਕਰਨ ਮੌਕੇ ਉਨ੍ਹਾਂ ਵਲੋਂ ਮੀਡੀਆ ਨੂੰ ਇਕ ਪਾਸੇ ਹੋਣ ਅਤੇ ਰਿਕਾਰਡ ਨਾ ਕਰਨ ਦਾ ਕਹਿ ਦਿੱਤਾ ਗਿਆ, ਜਿਸ ਤੋਂ ਬਾਅਦ ਮੀਡੀਆ ਵਲੋਂ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ |