ਦੋ ਰਾਜਾਂ ਨੂੰ ਜੋੜਨ ਵਾਲੀ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਰਕੇ ਰਾਹਗੀਰਾਂ ਲਈ ਜਾਨ ਦਾ ਖੌਹ ਬਣੀ
ਅਜੀਤ ਡੈਸਕ
07-02-2026
ਪਟਿਆਲਾ, 6 ਫਰਵਰੀ-ਪਟਿਆਲਾ ਤੋਂ ਦੇਵੀਗੜ੍ਹ ਰਾਹੀਂ ਪਿਹੋਵਾ ਨੂੰ ਜਾਣ ਵਾਲੀ ਅਹਿਮ ਸੜਕ, ਜੋ ਪੰਜਾਬ ਨੂੰ ਹਰਿਆਣਾ ਨਾਲ ਜੋੜਦੀ ਹੋਈ ਅੱਗੇ ਦਿੱਲੀ ਵੱਲ ਜਾਂਦੀ ਹੈ, ਪਿਛਲੇ ਕਈ ਸਾਲਾਂ ਤੋਂ ਲੋਕਾਂ ਲਈ ਨਰਕ ਬਣੀ ਹੋਈ ਹੈ | ਇਸ ਰਸਤੇ 'ਤੇ ਰੋਜ਼ਾਨਾ ਸੰਘਣੀ ਅਤੇ ਭਾਰੀ ਆਵਾਜਾਈ ਹੁੰਦੀ ਹੈ, ਜੋ ਸੜਕ 'ਤੇ ਵੱਡੇ ਖੱਡਿਆਂ ਕਾਰਨ ਅਕਸਰ ਹਾਦਸਿਆਂ ਦਾ ਸ਼ਿਕਾਰ ਹੁੰਦੀ ਹੈ | ਬਾਰਸ਼ਾਂ ਦੇ ਮੌਸਮ 'ਚ ਇਹ ਸੜਕ ਰਾਹਗੀਰਾਂ ਲਈ ਹੋਰ ਵੀ ਘਾਤਕ ਰੂਪ ਧਾਰ ਲੈਂਦੀ ਹੈ | ਟੁੱਟੀ ਸੜਕ ਦੀ ਇਹ ਸਮੱਸਿਆ ਹਰਿਆਣਾ ਦੇ 15 ਕਿੱਲੋਮੀਟਰ ਦੇ ਟੋਟੇ ਵਿਚ ਹੋਰ ਵੀ ਮਾੜੀ ਬਣ ਜਾਂਦੀ ਹੈ | ਪਿਛਲੇ ਕੁਝ ਸਮੇਂ 'ਚ ਬਣਾਏ ਇਕ ਟੋਟੇ ਨੂੰ ਲੈ ਕੇ ਜਿਥੇ ਵਿਭਾਗ ਇਸ ਨੂੰ ਆਰਜ਼ੀ ਮੁਰੰਮਤ ਦੱਸ ਰਿਹਾ ਹੈ ਉੱਥੇ ਸਥਾਨਕ ਅਤੇ ਬਾਹਰੀ ਰਾਹਗੀਰ ਇਸ ਸੜਕ 'ਤੇ ਕੀਤੇ ਪੈਚ ਵਰਕ ਨੂੰ ਮਾਪਦੰਡਾਂ ਦੇ ਉਲਟ ਜੁਗਾੜੂ ਦੱਸ ਰਹੇ ਹਨ | ਇਹ ਰਸਤਾ ਵੱਡੀ ਗਿਣਤੀ 'ਚ ਉਹ ਯਾਤਰੀ ਵੀ ਵਰਤਦੇ ਹਨ ਜੋ ਵਿਦੇਸ਼ਾਂ ਨੂੰ ਜਾਣ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਪਹੁੰਚਦੇ ਹਨ | ਟੁੱਟੀ ਸੜਕ ਕਾਰਨ ਘੰਟਿਆਂ ਦੀ ਦੇਰੀ, ਫਲਾਈਟ ਛੁੱਟਣ ਦਾ ਡਰ ਅਤੇ ਮਾਨਸਿਕ ਤਣਾਅ ਯਾਤਰੀਆਂ ਦੀ ਆਮ ਸ਼ਿਕਾਇਤ ਬਣੀ ਹੋਈ ਹੈ | ਇਸ ਰਸਤੇ ਰਾਹੀਂ ਦੋਹਾਂ ਰਾਜਾਂ ਦੇ ਵਿਚਕਾਰ ਵਪਾਰਕ ਸਮਾਨ ਲਿਜਾਣ ਲਈ ਵੱਡੇ ਟਰਾਲੇ, ਟਿੱਪਰ ਅਤੇ ਭਾਰੀ ਟਰੱਕ ਵੀ ਲਗਾਤਾਰ ਗੁਜ਼ਰਦੇ ਹਨ | ਸੜਕ ਦੇ ਟੁੱਟੇ ਹੋਣ ਕਾਰਨ ਅਕਸਰ ਇਹ ਭਾਰੀ ਵਾਹਨ ਰਸਤੇ ਵਿੱਚ ਖ਼ਰਾਬ ਹੋ ਜਾਂਦੇ ਹਨ ਜਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਨਾਲ ਟ੍ਰੈਫਿਕ ਘੰਟਿਆਂ ਲਈ ਠੱਪ ਹੋ ਜਾਂਦਾ ਹੈ | ਇਸ ਹਾਲਤ ਕਾਰਨ ਨਾ ਸਿਰਫ਼ ਆਮ ਰਾਹਗੀਰ ਫਸਦੇ ਹਨ, ਸਗੋਂ ਵਪਾਰਕ ਨੁਕਸਾਨ ਵੀ ਵਧਦਾ ਜਾ ਰਿਹਾ ਹੈ | ਇਸ ਸੜਕ ਦਾ ਪਟਿਆਲਾ ਤੋਂ ਹਰਿਆਣਾ ਬਾਰਡਰ ਤੱਕ ਲਗਪਗ 36 ਕਿੱਲੋਮੀਟਰ ਦਾ ਟੋਟਾ ਹੈ ਅਤੇ ਅੱਗੇ ਹਰਿਆਣਾ ਬਾਰਡਰ ਤੋਂ ਪਿਹੋਵਾ ਤੱਕ ਲਗਪਗ 15 ਕਿੱਲੋਮੀਟਰ ਦਾ ਟੋਟਾ ਹੈ | ਭਾਵੇਂ ਇਹ ਸੜਕ ਦੇ ਦੋਵੇਂ ਰਾਜਾਂ ਦੇ ਟੋਟੇ ਪਿਛਲੇ ਲੰਮੇ ਸਮੇਂ ਤੋਂ ਟੁੱਟੇ ਹੋਏ ਹਨ ਪਰ 2 ਸਾਲ ਤੋਂ ਪਹਿਲਾਂ ਆਏ ਹੜ੍ਹਾਂ ਨਾਲ ਇਹ ਸੜਕ ਮੀਰਾਂਪੁਰ ਤੋਂ ਲੈ ਕੇ ਅੱਗੇ ਹਰਿਆਣਾ ਦੇ ਪਿਹੋਵਾ ਤੱਕ ਬੁਰੀ ਤਰ੍ਹਾਂ ਟੁੱਟ ਗਈ ਹੈ ਅਤੇ ਇਹ ਟੁੱਟੀ ਸੜਕ ਨਿੱਤ ਦਿਨ ਜਾਨੀ ਅਤੇ ਮਾਲੀ ਨੁਕਸਾਨ ਦੀਆਂ ਘਟਨਾਵਾਂ ਨਾਲ ਸੁਰਖ਼ੀਆਂ ਵਿਚ ਬਣੀ ਹੋਈ ਹੈ | ਲਗਪਗ ਦੋ ਮਹੀਨੇ ਪਹਿਲਾਂ ਪੰਜਾਬ ਦੇ ਸੜਕ ਨਿਰਮਾਣ ਵਿਭਾਗ ਵਲੋਂ ਕੁਝ ਕਿੱਲੋਮੀਟਰ ਵਿਚਕਾਰ ਖੱਡੇ ਭਰ ਕੇ ਪ੍ਰੀਮਿਕਸ ਪਾਇਆ ਗਿਆ ਸੀ | ਇਸ ਪ੍ਰੀਮਿਕਸ ਪਾਉਣ ਤੋਂ ਕੁਝ ਸਮਾਂ ਬਾਅਦ ਹੀ ਸੜਕ ਮੁੜ ਟੁੱਟਣੀ ਸ਼ੁਰੂ ਹੋ ਗਈ ਸੀ ਅਤੇ ਬਣਾਉਣ ਸਮੇਂ ਵੀ ਇਹ ਉਬੜ ਖਾਬੜ ਬਣੀ ਹੈ ਜਿਸ ਕਰਕੇ ਇਹ ਸਮਾਧਾਨ ਵੀ ਕਈ ਥਾਈਾ ਖ਼ਤਰਨਾਕ ਸਾਬਤ ਹੋ ਰਿਹਾ ਹੈ |