ਰਾਜਪੁਰਾ, 6 ਫਰਵਰੀ (ਜੀ.ਪੀ. ਸਿੰਘ)-ਨੇੜਲੇ ਪਿੰਡ ਬਸੰਤਪੁਰਾ 'ਚ ਇਕ ਮੀਟ ਦੇ ਖੋਖੇ 'ਚ ਤੇਜ਼ ਰਫ਼ਤਾਰ ਕਾਰ ਚਾੜ੍ਹ ਦੇਣ ਨਾਲ ਖੋਖੇ ਵਿਚ ਬੈਠੇ ਇਕ ਵਿਅਕਤੀ ਦੀ ਮੌਤ ਹੋ ਗਈ | ਥਾਣਾ ਸਦਰ ਦੀ ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਵਾਸੀ ਪਿੰਡ ਬਸੰਤਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸਦੇ ਪਿਤਾ ਗੁਰਨਾਮ ਸਿੰਘ ਆਪਣੇ ਮੀਟ ਦੇ ਖੋਖੇ 'ਚ ਬੈਠੇ ਸਨ | ਇਸ ਦੌਰਾਨ ਇਕ ਕਾਰ ਚਾਲਕ ਗੁਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਪੋਲਾ ਨੇ ਆਪਣੀ ਕਾਰ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਉਂਦਿਆਂ ਉਸਦੇ ਪਿਤਾ ਦੇ ਖੋਖੇ 'ਚ ਚਾੜ੍ਹ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ | ਜਿਸ ਕਾਰਨ ਖੋਖੇ ਵਿਚ ਬੈਠੇ ਉਸਦੇ ਪਿਤਾ ਗੁਰਨਾਮ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਥਾਣਾ ਸਦਰ ਦੀ ਪੁਲਿਸ ਨੇ ਕਾਰ ਚਾਲਕ ਗੁਰਵਿੰਦਰ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |