ਭੁੱਨਰਹੇੜੀ, 21 ਫਰਵਰੀ (ਧਨਵੰਤ ਸਿੰਘ)-ਹਲਕਾ ਸਨੌਰ ਵਿਚ ਸੜਕ ਨਿਰਮਾਣ ਨੂੰ ਲੈ ਕੇ ਇਕ ਵਾਰ ਫਿਰ ਸਿਆਸੀ ਗਰਮੀ ਚੜ੍ਹ ਗਈ ਹੈ | ਪੰਜਾਬ ਮੰਡੀ ਬੋਰਡ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਵਿਚ ਘਟੀਆ ਮੈਟੀਰੀਅਲ ਵਰਤਣ ਦੀਆਂ ਖ਼ਬਰਾਂ ਪਹਿਲਾਂ ਵੀ ਕਈ ਵਾਰ ਮੀਡੀਆ ਰਾਹੀਂ ਜਨਤਕ ਹੋ ਚੁੱਕੀਆਂ ਹਨ | ਹਲਕੇ ਸਨੌਰ ਅੰਦਰ ਠੇਕੇਦਾਰਾਂ ਵਲੋਂ ਸੜਕਾਂ ਦੇ ਨਵੀਕਰਨ ਵਿਚ ਵਰਤੇ ਜਾ ਰਹੇ, ਘਟੀਆ ਦਰਜੇ ਦੇ ਮੈਟੀਰੀਅਲ ਦੀ ਚਰਚਾ ਸਨ | ਲਿੰਕ ਸੜਕ ਦਾ ਬੇਸ ਤਿਆਰ ਕਰਨ ਸਮੇਤ ਹੋਰ ਬੇਨਿਯਮੀਆਂ ਉਜਾਗਰ ਹੋ ਚੁੱਕੀਆਂ ਹਨ | ਪਰ ਉਸ ਵੇਲੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਕਮਾਂਡਰ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ | ਲੋਕ ਸਵਾਲ ਕਰਦੇ ਰਹੇ, ਮੀਡੀਆ ਵਿਚ ਖ਼ਬਰਾਂ ਲੱਗਦੀਆਂ ਰਹੀਆਂ, ਪਰ ਰਾਜਨੀਤਿਕ ਮੋਰਚੇ 'ਤੇ ਖ਼ਾਮੋਸ਼ੀ ਛਾਈ ਰਹੀ | ਪਰ ਹੁਣ ਜਦੋਂ ਹਲਕੇ ਦੀ ਸਰਕਾਰ ਵਲੋਂ ਨੁਮਾਇੰਦਗੀ ਕਰ ਰਹੇ 'ਆਪ' ਆਗੂ ਨੇ ਆਪਣੇ ਹੀ ਪਿੰਡ ਹਡਾਣਾ ਦੀ ਸੜਕ 'ਤੇ ਮਾੜੇ ਦਰਜੇ ਦੇ ਸਮਾਨ ਦੀ ਵਰਤੋਂ ਦੀ ਗੱਲ ਸਾਹਮਣੇ ਲੈ ਆਉਂਦੀ ਹੈ, ਤਾਂ ਮਾਮਲਾ ਗਰਮ ਹੋ ਗਿਆ | ਇਸ ਮੌਕੇ 'ਤੇ ਪਹੁੰਚ ਕੇ ਅਧਿਕਾਰੀਆਂ ਨੂੰ ਲਾਹਨਤਾਂ ਪਾਈਆਂ ਅਤੇ ਮੀਡੀਆ ਨੂੰ ਬਿਆਨ ਜਾਰੀ ਕੀਤਾ ਗਿਆ | ਪਰ ਲੋਕਾਂ ਦੀ ਜ਼ੁਬਾਨ 'ਤੇ ਇੱਕ ਹੀ ਗੱਲ ਹੈ, Tਜਦੋਂ ਹੋਰ ਪਿੰਡਾਂ ਦੀਆਂ ਸੜਕਾਂ ਬਣਾਉਣ ਦੇ ਕਾਰਜਾਂ ਸਮੇਂ ਆਪ ਦੇ ਜ਼ੰੁਮੇਵਾਰੀ ਕਮਾਂਡਰ ਚੁੱਪ , ਕਿਉਂ ਸਨ?U ਵਰਨਣਯੋਗ ਹੈ ਕਿ ਇਹ ਸਿਰਫ਼ ਘਟੀਆ ਨਿਰਮਾਣ ਨਹੀਂ, ਸਗੋਂ ਸਰਕਾਰੀ ਖ਼ਜ਼ਾਨੇ ਦੀ ਸਿੱਧੀ ਬਰਬਾਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਦੇ ਨਾਮ 'ਤੇ ਸੜਕਾਂ ਨਹੀਂ, ਸਗੋਂ Tਕਾਗ਼ਜ਼ੀ ਰਿਪੋਰਟਾਂU ਬਣ ਰਹੀਆਂ ਹਨ | ਹੁਣ ਮੰਗ ਉੱਠ ਰਹੀ ਹੈ ਕਿ ਸਿਰਫ਼ ਇੱਕ ਪਿੰਡ ਦੀ ਨਹੀਂ, ਸਗੋਂ ਪੂਰੇ ਹਲਕੇ ਵਿੱਚ ਮੰਡੀ ਬੋਰਡ ਵੱਲੋਂ ਬਣੀਆਂ ਅਤੇ ਬਣ ਰਹੀਆਂ ਸੜਕਾਂ ਦੀ ਨਿਰਪੱਖ ਜਾਂਚ ਹੋਵੇ | ਜੇ ਘਟੀਆ ਮੈਟੀਰੀਅਲ ਸਾਬਤ ਹੁੰਦਾ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ | ਲੋਕਾਂ ਚੌਕਸੀ ਵਿਭਾਗ ਤੋਂ ਸੜਕਾਂ ਵਿਚ ਵਰਤੇ ਘਟੀਆ ਦਰਜੇ ਦੇ ਪੱਥਰ, ਟੁੱਟੀਆਂ ਪੁਰਾਣੀਆਂ ਇੱਟਾਂ ਸਮੇਤ ਵਰਤੇ ਹੋਰ ਮੈਟੀਰੀਅਲ ਦੀ ਜਾਂਚ ਮੰਗ ਰਹੇ ਹਨ | ਠੇਕੇਦਾਰਾਂ ਵੱਲੋਂ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਕੇ ਸਰਕਾਰੀ ਰਾਸ਼ੀ ਖ਼ੁਰਦ ਬੁਰਦ ਕੀਤੀ ਜਾ ਰਹੀ ਹੈ |